ਸੜਕੀ ਰਸਤੇ ਅੰਮ੍ਰਿਤਸਰ ਅਤੇ ਪਠਾਨਕੋਟ ਜਾਣ ਵਾਲੇ ਲੋਕਾਂ ਦੇ ਸਫਰ ਦੇ ਖਰਚੇ ਵਿੱਚ ਕੁਝ ਕਮੀ ਹੋਣ ਜਾ ਰਹੀ ਹੈ| ਕਿਉਂਕਿ ਦੋਵੇਂ ਹਾਈਵੇਅ ‘ਤੇ ਸਥਿਤ ਦੋ ਟੋਲ ਪਲਾਜ਼ਿਆਂ ਚੋਂ ਇੱਕ ਨੂੰ ਹਟਾਇਆ ਜਾ ਸਕਦਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਇਸ ਦੀ ਸੂਚੀ ਹੈੱਡ ਕੁਆਟਰ ਨੂੰ ਭੇਜ ਦਿੱਤੀ ਗਈ ਹੈ। ਦੱਸ ਦੇਈਏ ਕਿ ਕੇਦਰੀ ਮੰਤਰੀ ਨਿਤਿਨ ਗਡਕਰੀ ਨੇ ਟੋਲ ਪਲਾਜ਼ਿਆਂ ਬਾਰੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ 60 ਕਿਲੋਮੀਟਰ ਦੇ ਦਾਇਰੇ ਵਿੱਚ ਹਾਈਵੇਅ ’ਤੇ ਦੋ ਟੋਲ ਹਨ ਤਾਂ ਉਨ੍ਹਾਂ ਵਿੱਚੋਂ ਇੱਕ ਨੂੰ ਹਰ ਹਾਲਤ ਵਿੱਚ ਬੰਦ ਕੀਤਾ ਜਾਵੇ।
ਇਸ ਦੇ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।60 ਕਿ.ਮੀ. ਦੇ ਦਾਇਰੇ ‘ਚ ਆਉਂਦੇ ਦੋ ਟੋਲ ‘ਚੋਂ ਇਕ ਨੂੰ ਹਟਾਉਣ ਦਾ ਹੁਕਮ ਹੈ। ਜੇਕਰ ਢਿਲਵਾਂ ਅਤੇ ਨਿੱਝਰਾਂ ਟੋਲ ਪਲਾਜ਼ਿਆਂ ਤੋਂ ਇੱਕ ਟੋਲ ਹਟਾ ਦਿੱਤਾ ਜਾਵੇ ਤਾਂ 90 ਰੁਪਏ ਅਤੇ ਟਾਂਡਾ ਅਤੇ ਮੁਕੇਰੀਆਂ ਤੋਂ ਇੱਕ ਟੋਲ ਗੇਟ ਹਟਾ ਦਿੱਤਾ ਜਾਵੇ ਤਾਂ ਘੱਟੋ-ਘੱਟ 100 ਰੁਪਏ ਦੀ ਬਚਤ ਹੋਵੇਗੀ। 1 ਅਪ੍ਰੈਲ ਨੂੰ ਟੋਲ ਪਲਾਜ਼ਿਆਂ ‘ਤੇ 5 ਫੀਸਦੀ ਦੇ ਕਰੀਬ ਵਾਧਾ ਹੋਇਆ ਸੀ। ਇਸ ਕਾਰਨ ਵਾਹਨ ਚਾਲਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਪਹਿਲਾਂ ਢਿਲਵਾਂ ਨੇੜੇ ਟੋਲ ਪਲਾਜ਼ਾ ਅਤੇ ਫਿਰ ਉਸ ਤੋਂ 16 ਕਿਲੋਮੀਟਰ ਦੂਰ ਨਿੱਝਰ ਟੋਲ ਪਲਾਜ਼ਾ ‘ਤੇ ਭੁਗਤਾਨ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਪਠਾਨਕੋਟ ਨੂੰ ਜਾਂਦੇ ਸਮੇਂ ਪਹਿਲਾ ਟੋਲ ਚੌਲਾਂਗ ਨੇੜੇ ਅਤੇ ਦੂਜਾ ਮੁਕੇਰੀਆਂ ਨੇੜੇ ਪੈਂਦਾ ਹੈ। ਇਨ੍ਹਾਂ ਚਾਰਾਂ ਵਿੱਚੋਂ ਦੋ ਪਲਾਜ਼ਿਆਂ ਨੂੰ ਘਟਾਉਣ ਦੀ ਸੂਚੀ ਐਨਐਚਏਆਈ ਵੱਲੋਂ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ।ਇਸ ਗੱਲ ਦੀ ਪੁਸ਼ਟੀ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਨੂੰ ਪਾਸ ਜਾਰੀ ਕੀਤਾ ਜਾਵੇਗਾ।