ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਇਸ ਪਵਿੱਤਰ ਅਸਥਾਨ ਨੂੰ ਗੁਰੂ ਸਾਹਿਬ ਵੱਲੋਂ ਮੁਰਾਦਾਂ ਪੂਰੀਆਂ ਹੋਣ ਦਾ ਵਰ ਹੈ। ਦੂਰ–ਦੁਰਾਡੇ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਪੁੱਜਦੀਆਂ ਹਨ ਤੇ ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦੀਆਂ ਹੋਈਆਂ ਇਤਿਹਾਸਕ ਵਿਰਸੇ ਤੋਂ ਜਾਣੂ ਹੁੰਦੀਆਂ ਹਨ।
ਖ਼ਾਲਸਾ ਪੰਥ ਦੀ ਸਾਜਣਹਾਰੇ ਤੇ ਮਾਨਵਤਾ ਦੀ ਰਾਖੀ ਲਈ ਆਪਣਾ ਸਾਰਾ ਪਰਿਵਾਰ ਵਾਰ ਦੇਣ ਵਾਲੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਫ਼ਤਹਿ ਕਰਨ ਉਪਰੰਤ ਤਲਵੰਡੀ ਸਾਬੋ ਵਿਖੇ ਜਿਸ ਅਸਥਾਨ ‘ਤੇ ਜੰਗੀ ਕਮਰਕੱਸਾ ਖੋਲ੍ਹ ਕੇ ਦਮ ਲਿਆ, ਉਸ ਅਸਥਾਨ ‘ਤੇ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ ਅਤੇ ਇਸ ਪਾਵਨ ਅਸਥਾਨ ਦਾ ਨਾਂ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ। ਇਸ ਅਸਥਾਨ ‘ਤੇ ਦਸਮੇਸ਼ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਿਲ ਕਰਵਾ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਪੂਰਨ ਕਰਵਾਈ।।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਦੇ ਇਸ ਪਵਿੱਤਰ ਕਾਰਜ ਦੌਰਾਨ ਜਿਨ੍ਹਾਂ ਕਲਮਾਂ ਦਾ ਮੂੰਹ ਘਸ ਜਾਂਦਾ ਸੀ ਉਸ ਕਲਮ ਨੂੰ ਦੁਬਾਰਾ ਨਹੀਂ ਘੜਿਆ ਜਾਂਦਾ ਸੀ ਸਗੋਂ ਅਦਬ ਨਾਲ ਸੰਭਾਲ ਲਿਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਘਸੀਆਂ ਹੋਈਆਂ ਕਲਮਾਂ ਤੇ ਬਚੀ ਹੋਈ ਸਿਆਹੀ ਨੂੰ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਦੇ ਸਰੋਵਰ ਵਿਚ ਜਲ ਪ੍ਰਵਾਹ ਕਰਦਿਆਂ ਗੁਰੂ ਜੀ ਨੇ ਇਸ ਅਸਥਾਨ ਨੂੰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੱਤਾ ਤੇ ਫੁਰਮਾਇਆ ਕਿ ਇਹ ਅਸਥਾਨ ਭਾਵ ਸ੍ਰੀ ਦਮਦਮਾ ਸਾਹਿਬ ਗਿਆਨ ਦਾ ਮਹਾਨ ਕੇਂਦਰ ਹੋਵੇਗਾ, ਜਿੱਥੇ ਗੁਰਮਤਿ ਵਿਚ ਵਿਦਵਾਨ, ਲਿਖਾਰੀ ਪੈਦਾ ਹੋਣਗੇ। ਇਸ ਧਰਤੀ ‘ਤੇ ਬਖ਼ਸ਼ਿਸ ਕਰਦਿਆਂ ਗੁਰੂ ਜੀ ਨੇ ਬਚਨ ਕੀਤੇ ਕਿ ਜੋ ਪ੍ਰਾਣੀ ਸ਼ਰਧਾ ਨਾਲ ਇਥੇ ਗੁਰਮੁਖੀ ਦੀ ਪੈਂਤੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ।
ਇਸ ਪਵਿੱਤਰ ਅਸਥਾਨ ਨੂੰ ਗੁਰੂ ਸਾਹਿਬ ਵੱਲੋਂ ਮੁਰਾਦਾਂ ਪੂਰੀਆਂ ਹੋਣ ਦਾ ਵਰ ਹੈ। ਦੂਰ–ਦੁਰਾਡੇ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਪੁੱਜਦੀਆਂ ਹਨ ਤੇ ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦੀਆਂ ਹੋਈਆਂ ਇਤਿਹਾਸਕ ਵਿਰਸੇ ਤੋਂ ਜਾਣੂ ਹੁੰਦੀਆਂ ਹਨ। ਇਸ ਗੁਰੂ ਘਰ ਦੀ ਇਮਾਰਤ ਬਹੁਤ ਖ਼ੂਬਸੂਰਤ ਹੈ ਤੇ ਕਾਫ਼ੀ ਦੂਰ ਤੋਂ ਹੀ ਨਜ਼ਰ ਆਉਂਦੀ ਹੈ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਜਾਂਦਿਆ, ਸੱਜੇ ਹੱਥ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।