Home / ਸਿੱਖੀ ਖਬਰਾਂ / ਗੁਰੂ ਸਾਹਿਬ ਨੇ ਲਵਾਈ ਬਾਉਲੀ

ਗੁਰੂ ਸਾਹਿਬ ਨੇ ਲਵਾਈ ਬਾਉਲੀ

ਪਾਣੀ ਦੀ ਘਾਟ ਹੋਣ ਕਰਕੇ ਗੁਰੂ ਸਾਹਿਬ ਨੇ ਲਵਾਈ ਬਾਉਲੀ”’ਕੀਰਤਪੁਰ ਸਾਹਿਬ (76°-35` ਪੂ, 31°-11` ਉ): ਪੰਜਾਬ ਦੇ ਅਨੰਦਪੁਰ ਸਾਹਿਬ ਜ਼ਿਲੇ ਵਿਚ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਇਕ ਛੋਟਾ ਜਿਹਾ ਕਸਬਾ ਹੈ ਜਿਸ ਦਾ ਨੀਂਹ-ਪੱਥਰ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਗੁਰੂ ਹਰਿਗੋਬਿੰਦ ਜੀ ਦੇ ਆਦੇਸ਼ ਅਨੁਸਾਰ ਰੱਖਿਆ ਸੀ। ਭੱਟ ਵਹੀਆਂ ਅਨੁਸਾਰ, ਗੁਰੂ ਨਾਨਕ ਦੇਵ ਜੀ ਦੇ ਬਜ਼ੁਰਗ ਸੁਪੁੱਤਰ ਬਾਬਾ ਸ੍ਰੀ ਚੰਦ ਨੇ 1683 ਬਿਕਰਮੀ ਦੇ ਵਸਾਖ ਦੀ ਪੂਰਨਮਾਸੀ ਵਾਲੇ ਦਿਨ (1 ਮਈ 1626) ਇਕ ਛੋਟੀ ਜਿਹੀ ਰਿਆਸਤ ਕਹਿਲੂਰ ਦੇ ਰਾਜਾ ਤਾਰਾ ਚੰਦ ਤੋਂ ਗੁਰੂ ਜੀ ਦੁਆਰਾ ਪ੍ਰਾਪਤ ਕੀਤੇ ਜ਼ਮੀਨ ਦੇ ਟੁਕੜੇ ‘ਤੇ ਪੂਰਨ ਰਸਮਾਂ ਨਾਲ ਇਕ ਪੌਦਾ ਲਾ ਕੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਅਤੇ ਫਗਵਾੜਾ ਦੀਆਂ ਲੜਾਈਆਂ ਤੋਂ ਬਾਅਦ 1635 ਵਿਚ ਇੱਥੇ ਆ ਕੇ ਵੱਸ ਗਏ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੁਆਰਾ 1665 ਵਿਚ ਇਸ ਤੋਂ ਹੋਰ ਅੱਠ ਕਿਲੋਮੀਟਰ ਉੱਤਰ ਵੱਲ ਇਕ ਨਵੇਂ ਪਿੰਡ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਦੇ ਨੀਂਹ-ਪੱਥਰ ਰੱਖਣ ਤਕ ਇਹ ਅਸਥਾਨ ਸਿੱਖ ਗੁਰੂ ਸਾਹਿਬਾਨ ਦਾ ਟਿਕਾਣਾ ਰਿਹਾ। ਕਸਬੇ ਵਿਚ ਅਨੇਕਾਂ ਹੀ ਇਤਿਹਾਸਿਕ ਮਹੱਤਤਾ ਵਾਲੇ ਗੁਰਧਾਮ ਸਥਿਤ ਹਨ।ਬਾਉਲੀ ਸਾਹਿਬ ਜਾਂ ਗੁਰੂ ਕੀ ਬਾਉਲੀ , ਇਕ ਵੱਡਾ ਵਰਗਾਕਾਰ ਖੂਹ ਹੈ ਜੋ ਕਿ ਗੁੰਬਦਦਾਰ ਮੰਡਪ ਨਾਲ ਢੱਕਿਆ ਹੋਇਆ ਹੈ ਅਤੇ ਜਿਸ ਦੇ ਹੇਠਾਂ ਪਾਣੀ ਦੇ ਪੱਧਰ ਤਕ ਪਉੜੀਆਂ ਬਣੀਆਂ ਹੋਈਆਂ ਹਨ। ਖੂਹ ਦੀ ਪੁਟਾਈ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਦਾ ਨੀਂਹ ਪੱਥਰ ਰੱਖਣ ਵੇਲੇ ਕਰਵਾਈ ਸੀ। ਇਸ ਖੁਦਾਈ ਦੀ ਰਸਮੀ ਸ਼ੁਰੂਆਤ ਬਾਬਾ ਸ੍ਰੀ ਚੰਦ ਨੇ ਕੀਤੀ ਸੀ।

error: Content is protected !!