Home / ਸਿੱਖੀ ਖਬਰਾਂ / ਸ੍ਰੀ ਸੱਚਖੰਡ ਹੇਮਕੁੰਟ ਸਾਹਿਬ ਦਾ ਇਤਿਹਾਸ

ਸ੍ਰੀ ਸੱਚਖੰਡ ਹੇਮਕੁੰਟ ਸਾਹਿਬ ਦਾ ਇਤਿਹਾਸ

ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਉਹ ਪਵਿੱਤਰ ਤਪੋਭੂਮੀ ਹੈ ਜਿਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਛਲੇ ਸਰੂਪ ਵਿਚ ਬਹੁਤ ਲੰਮਾ ਸਮਾਂ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿਚ ਬਿਤਾਇਆ। ਇਸ ਆਤਮਿਕ ਅਵਸਥਾ ਵਿਚ ਆਪ ਅਤੇ ਅਕਾਲ ਪੁਰਖ ਵਿਚਾਲੇ ਕੋਈ ਭਿੰਨਤਾ ਨਾ ਰਹੀ। ਇਸ ਮਹਾਨ ਤਪੱਸਵੀ ਦੁਸਟ ਦਮਨ ਨੂੰ ਵਾਹਿਗੁਰੂ ਨੇ ਆਗਿਆ ਕੀਤੀ ਕਿ ਤੁਸੀਂ ਨਵੀਂ ਜੀਵਨ ਯਾਤਰਾ ਵਿਚ ਸੰਸਾਰ ‘ਤੇ ਜਾ ਕੇ ਧਰਮ ਦਾ ਪਸਾਰਾ ਕਰੋ। ਇਸ ‘ਹੁਕਮ’ ਦੀ ਪਾਲਣਾ ਕਰਦਿਆਂ ਦੁਸ਼ਟ-ਦਮਨ ਨੇ ਹੇਮਕੁੰਟ ਤੋਂ ਆ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪਟਨਾ ਸਾਹਿਬ ਵਿਚ ਜਨਮ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ-ਜੀਵਨੀ ‘ਬਚਿੱਤਰ ਨਾਟਕ’ ਵਿਚ ਆਪਣੀ ਵਰਤਮਾਨ ਜੀਵਨ ਯਾਤਰਾ ਤੇ ਪਿਛਲੇ ਸਰੂਪ ਦੇ ਸਮਾਚਾਰ ਆਪ ਵਰਨਣ ਕੀਤੇ ਹਨ ਜਿਨ੍ਹਾਂ ਤੋਂ ਆਪ ਦੇ ਇਸ ਤਪ ਅਸਥਾਨ ਦਾ ਸੰਸਾਰ ਨੂੰ ਗਿਆਨ ਹੋਇਆ। ‘ਬਚਿੱਤਰ ਨਾਟਕ’ ਵਿਚ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੀ ਜੀਵਨ ਕਥਾ ਬਿਆਨ ਕਰਦਿਆਂ ਲਿਖਦੇ ਹਨ ਕਿ ਜਿਥੇ ਹੇਮਕੁੰਟ ਪਰਬਤ ਹੈ ਉਥੇ ਹੀ ਸਪਤ ਸ੍ਰਿੰਗ ਨਾਮ ਦਾ ਪਹਾੜ ਹੈ ਅਰਥਾਤ ਸੱਤ ਪਹਾੜੀਆਂ ਵਿਚਾਲੇ ਘਿਰਿਆ ਹੋਇਆ ਹਿਮਾਲਯ ਦੀ ਧਾਰ ਵਿਚ ਬਦਰੀ ਨਰਾਇਣ ਦੇ ਕੋਲ, ਇਸ ਪਹਾੜ ਦਾ ਨਾਮ ਹੁਣ ਵੀ ਸਪਤ ਸ੍ਰਿੰਗ ਹੈ। ਇਥੇ ਹੀ ਪਾਂਡਵ ਰਾਜੇ ਨੇ ਯੋਗ ਕਮਾਇਆ ਸੀ। ਇਸ ਅਸਥਾਨ ‘ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਤਪੱਸਿਆ ਤੇ ਸਾਧਨਾ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਤੇ ਅਕਾਲ ਪੁਰਖ ਦੋ ਤੋਂ ਇਕ ਰੂਪ ਹੋ ਗਏ ਤਾਂ ਪ੍ਰਭੂ ਨੇ ਪ੍ਰਸੰਨ ਹੋ ਕੇ ਆਗਿਆ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਨੇ ਕਲਯੁਗ ਵਿਚ ਜਨਮ ਲਿਆ। ਗੁਰੂ ਜੀ ਲਿਖਦੇ ਹਨ ਕਿ ਮੇਰੀ ਪ੍ਰਭੂ ਦੇ ਚਰਨਾਂ ਵਿਚ ਬਿਰਤੀ ਏਨੀ ਜੁੜ ਗਈ ਸੀ ਕਿ ਸੰਸਾਰ ਯਾਤਰਾਂ ਤੇ ਆਉਣ ਨੂੰ ਜੀਅ ਨਹੀਂ ਸੀ ਕਰਦਾ। ਪ੍ਰਭੂ ਨੇ ਮੈਨੂੰ ਸਮਝਾਇਆ ਤੇ ਫਿਰ ਇਸ ਸੰਸਾਰ ਯਾਤਰਾ ਲਈ ਨਿਸਚਿਤ ਕਾਰਜ ਦੇ ਕੇ ਭੇਜਿਆ। ਕਲਗੀਧਰ ਪਾਤਸ਼ਾਹ ਦੀ ਜਗਤ ਫੇਰੀ ‘ਤੇ ਉਨ੍ਹਾਂ ਦੇ ਸਿੱਖਾਂ ਨੇ ਅਠਾਰਵੀਂ ਸਦੀ ਵਿਚ ਵਧੇਰੇ ਜੱਦੋ-ਜਹਿਦ ਵਿਚ ਰੁੱਝੇ ਹੋਣ ਕਾਰਨ ਕਿਸੇ ਨੂੰ ਇਸ ਤਪੋ ਭੂਮੀ ਦੇ ਦਰਸ਼ਨ ਕਰਨ ਤੇ ਨਿਸ਼ਾਨ ਕਾਇਮ ਕਰਨ ਦਾ ਫੁਰਨਾ ਨਾ ਫੁਰਿਆ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰਾਜ ਸਥਾਪਤ ਹੋਇਆ ਤਾਂ ਕਈ ਸਿੱਖ ਰਿਆਸਤਾਂ ਬਣ ਗਈਆਂ ਤੇ ਇਸ ਤਪੋ ਭੂਮੀ ਦੀ ਖੋਜ ਤੇ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ।।ਦੱਸ ਦਈਏ ਕਿ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚੋਂ ਇਸ ਤਪੋ ਭੂਮੀ ਦਾ ਵਿਸਥਾਰ ਨਾਲ ਵਰਨਣ ਕੀਤਾ ਤੇ ਹੇਮਕੁੰਟ ਸਪਤ ਸ੍ਰਿੰਗ ਦੀ ਯਾਤਰਾ ਕਰਕੇ ਇਸ ਤਪੋ ਭੂਮੀ ਦਾ ਵਿਸਥਾਰ-ਪੂਰਵਕ ਵਰਨਣ ਸਭ ਤੋਂ ਪਹਿਲਾਂ ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਰਚਨਾ ‘ਗੁਰ ਤੀਰਥ ਸੰਗ੍ਰਿਹ’ ਵਿਚ ਕੀਤਾ। ਉਨ੍ਹਾਂ ਨੇ ਬਚਿੱਤਰ ਨਾਟਕ ਦੀਆਂ ਮੁਢਲੀਆਂ ਤੁਕਾਂ ਦੇ ਆਧਾਰ ‘ਤੇ ਇਸ ਅਸਥਾਨ ਦੀ ਖੋਜ ਸ਼ੁਰੂ ਕੀਤੀ। ਫਿਰ ਉਨ੍ਹਾਂ ਮਹਾਨ ਭਾਰਤੀ ਗ੍ਰੰਥਾਂ ਵਿਚੋਂ ਪਾਂਡੂ ਰਾਜੇ ਨੇ ਤਪ ਦੀ ਵਿੱਥਿਆ ਤੇ ਪਾਂਡੂਕੇਸ਼ਵਰ ਸਥਾਨ ਬਾਰੇ ਜਾਣਕਾਰੀ ਲੈ ਕੇ ਆਪ ਹੇਮਕੁੰਟ ਸਪਤ ਸ੍ਰਿੰਗ ਦੇ ਉਸ ਸਥਾਨ ‘ਤੇ ਪਹੁੰਚੇ ਜਿਥੇ ਦੁਸ਼ਟ-ਦਮਨ ਨੇ ਤਪ ਕੀਤਾ ਸੀ। ਹੇਮਕੁੰਟ ਸੱਤ ਪਹਾੜੀਆਂ ਦੀ ਤਪੋ ਭੂਮੀ ‘ਤੇ ਦੁਸ਼ਟ-ਦਮਨ ਦੀ ਯਾਦਗਾਰ ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਪਹਿਲੇ ਵਿਅਕਤੀ ਸੰਤ ਸੋਹਣ ਸਿੰਘ ਟੇਹਰੀਵਾਲੇ ਪਹਿਲੀ ਵਾਰ 1932 ਵਿਚ ਇਸ ਤਪੋ ਸਥਾਨ ਉੱਪਰ ਪਹੁੰਚੇ ਅਤੇ ਹਰ ਸਾਲ ਇਸ ਯਾਤਰਾ ‘ਤੇ ਆਉਣ ਲੱਗੇ। ਆਪ ਜੀ ਨੇ ਨਿਸ਼ਾਨ ਸਾਹਿਬ ਲਾਉਣ ਤੇ ਯਾਦਗਾਰ ਸਥਾਪਤ ਕਰਨ ਦਾ ਯਤਨ ਆਰੰਭਿਆ। ਸੰਤ ਸੋਹਣ ਸਿੰਘ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਹੇਮਕੁੰਟ ਸਪਤ ਸ੍ਰਿੰਗ ਦੀ ਕੀਤੀ ਯਾਤਰਾ ਅਤੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ, ਰੁਮਾਲੇ, ਮੰਜੀ ਸਾਹਿਬ ਅਤੇ ਗੁਰਦੁਆਰੇ ਦਾ ਜ਼ਰੂਰੀ ਸਮਾਨ, ਵਿਛਾਈਆਂ, ਬਰਤਨ, ਕੁਝ ਪੁਸਤਕਾਂ ਤੇ ਇਕ ਤੰਬੂ ਆਦਿ ਲੈ ਕੇ ਦਿੱਤਾ ਤਾਂ ਕਿ ਗੁਰਦੁਆਰੇ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਥੇ ਰਹਿਣ ਤੇ ਪਾਠ ਕਰਨ ਦਾ ਕੰਮ ਜਾਰੀ ਹੋ ਸਕੇ। ਇਸ ਤਰ੍ਹਾਂ ਇਸ ਅਸਥਾਨ ਉਪਰ ਯਾਦਗਾਰ ਉਸਾਰਨ ਦਾ ਮੁੱਢ ਬੱਝ ਗਿਆ।। ਅਗਸਤ 1936 ਵਿਚ ਸੰਤ ਸੋਹਣ ਸਿੰਘ ਜੀ ਨੇ ਗੁਰਦੁਆਰੇ ਦੀ ਉਸਾਰੀ ਸ਼ੁਰੂ ਕੀਤੀ। ਤਿੰਨ ਮਹੀਨਿਆਂ ਵਿਚ 10 10 ਫੁੱਟ ਦਾ ਕਮਰਾ ਅਤੇ ਤਿੰਨ ਫੁੱਟ ਦਾ ਬਰਾਂਡਾ ਬਣ ਗਿਆ। ਭਾਵੇਂ ਬਹੁਤ ਜ਼ਿਆਦਾ ਔਕੜਾਂ ਦੇ ਬਾਵਜੂਦ ਸੰਤ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਿਆ ਅਗਲੇ ਸਾਲ 1937 ਵਿਚ ਸੰਤ ਜੀ ਫਿਰ ਹੇਮਕੁੰਟ ਪਹੁੰਚੇ। ਇਸ ਵਾਰ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਤੇ ਗੁਰਦੁਆਰੇ ਦੇ ਹੋਰ ਸਮਾਨ ਦੇ ਨਾਲ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕਰ ਦਿੱਤਾ। ਨਿਸ਼ਾਨ ਸਾਹਿਬ ਵੀ ਝੁਲਾ ਦਿੱਤਾ ਗਿਆ। ਪ੍ਰਕਾਸ਼ ਵਾਲੇ ਦਿਨ ਗੁਰੂ ਦਾ ਅਤੁੱਟ ਲੰਗਰ ਇਸ ਤਪੋ ਭੂਮੀ ‘ਤੇ ਵਰਤਿਆ।ਕਾਫੀ ਗਿਣਤੀ ਵਿਚ ਸੰਗਤਾਂ ਵੀ ਪਹੁੰਚੀਆਂ। ਸੰਤ ਸੋਹਣ ਸਿੰਘ ਜੀ 13 ਫਰਵਰੀ 1939 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਅਤੇ ਇਸ ਤੋਂ ਪਹਿਲਾਂ ਇਸ ਅਸਥਾਨ ਦੀ ਸੇਵਾ ਸੰਭਾਲ ਗੁਰਮੁਖ ਪਿਆਰੇ ਮੋਦਨ ਸਿੰਘ ਹਵਾਲਦਾਰ ਅਤੇ ਮਹਾਂਪੁਰਖ ਸੰਤ ਠੰਡੀ ਸਿੰਘ ਜੀ ਨੂੰ ਸੌਂਪੀ। ਇਨ੍ਹਾਂ ਦੋਵਾਂ ਨੇ ਸੇਵਾ ਦਾ ਕਾਰਜ ਪੂਰੀ ਸ਼ਰਧਾ, ਉਤਸ਼ਾਹ ਅਤੇ ਲਗਨ ਨਾਲ ਅੱਗੇ ਤੋਰਿਆ। ਯਾਤਰਾ ‘ਤੇ ਆਉਣ ਵਾਲੀ ਸੰਗਤ ਲਈ ਰਸਤੇ ਵਿਚ ਬਹੁਤ ਸਾਰੇ ਗੁਰਦੁਆਰੇ ਅਤੇ ਸਰਾਵਾਂ ਦੀ ਉਸਾਰੀ ਸ਼ੁਰੂ ਕਰਵਾਈ। ਰਸਤੇ ਬਣਾਏ ਗਏ। ਯਾਤਰਾ ਲਈ ਹਰ ਸਾਲ ਲੱਖਾਂ ਸੰਗਤਾਂ ਹੇਮਕੁੰਟ ਸਾਹਿਬ ਜਾਣ ਲੱਗ ਪਈਆਂ। ਹਵਾਲਦਾਰ ਮੋਦਨ ਸਿੰਘ ਜੀ ਨੇ ਸੰਨ 1960 ਵਿਚ ਸੱਤ ਮੈਂਬਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਬਣਾਇਆ। ਇਸ ਤਰ੍ਹਾਂ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਨਾਲ ਸਬੰਧਤ ਅਸਥਾਨਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਟਰੱਸਟ ਦੇ ਅਧੀਨ ਆ ਗਿਆ ਅਤੇ ਅੱਜ ਵੀ ਚੱਲ ਰਿਹਾ ਹੈ।।

error: Content is protected !!