Home / ਸਿੱਖੀ ਖਬਰਾਂ / ਅੱਜ ਦੇ ਦਿਨ ਤੇ ਸ਼੍ਰੀ ਦਰਬਾਰ ਸਾਹਿਬ ਜਾ ਖਾਸ ਇਤਿਹਾਸ

ਅੱਜ ਦੇ ਦਿਨ ਤੇ ਸ਼੍ਰੀ ਦਰਬਾਰ ਸਾਹਿਬ ਜਾ ਖਾਸ ਇਤਿਹਾਸ

ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਸਿੱਖ ਕੌਮ ਦਾ ਸਭ ਤੋਂ ਵੱਡਾ ਕੇਂਦਰ ਹੈ। ਇਹ ਐਸਾ ਨਗਰ ਹੈ, ਜੋ ਗੁਰੂ ਸਾਹਿਬ ਨੇ ਸਿੱਖ ਮਾਡਲ ਨਗਰ ਵਜੋਂ ਵਸਾਇਆ। ਇਸ ਦਾ ਪਹਿਲਾ ਨਾਂ “ਗੁਰੂ ਕਾ ਚੱਕ” ਸੀ । ਇਸ ਨੂੰ ਵਸਾਉਣ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨ ਵਿੰਡ, ਤੁੰਗ, ਗਿਲਵਾਲੀ ਪਿੰਡਾਂ ਦੇ ਜ਼ਿੰਮੀਦਾਰਾਂ ਤੋਂ 700 ਅਕਬਰੀ ਰੁਪਏ ਦੇ ਕੇ ਜ਼ਮੀਨ ਖਰੀਦੀ ਸੀ। ਇਸੀ ਜਗ੍ਹਾ ਰੱਬ ਦੇ ਘਰ ਦਰਬਾਰ ਸਾਹਿਬ ਦੀ ਨੀਂਹ ਸੂਫੀ ਦਰਵੇਸ਼ ਹਜ਼ਰਤ ਸਾਂਈ ਮੀਆਂ ਮੀਰ ਜੀ ਨੇ 13 ਅਪ੍ਰੈਲ 1589 ਨੂੰ ਰੱਖੀ, ਜਿਨ੍ਹਾਂ ਦੇ ਦਿਲ ਵਿਚ ਗੁਰੂ ਅਰਜਨ ਸਾਹਿਬ ਜੀ ਬਾਰੇ ਵੱਡਾ ਸਤਿਕਾਰ ਸੀ ਅਤੇ ਇਹ ਦੋਨੋਂ ਮਹਾਪੁਰਸ਼ ਅਧਿਆਤਮਮਿਕ ਸਾਂਝ ਕਾਰਨ ਇਕ ਦੂਜੇ ਦੇ ਬਹੁਤ ਨੇੜੇ ਸਨ, ਪਰਮ ਮਿੱਤਰ ਸਨ। ਇਹ ਦੋਸਤੀ ਦਾ ਰਿਸ਼ਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੋਂ ਪ੍ਰਾਰੰਭ ਹੋਇਆ ਕਿਉਂਕਿ ਜਦ ਮੀਆਂ ਮੀਰ ਜੀ ਲਾਹੌਰ ਅਨਾਰਕਲੀ ਮੁਹੱਲੇ ਕੋਲ ਆ ਕੇ ਆਬਾਦ ਹੋਏ ਤਾਂ ਉਹ ਅਕਸਰ ਚੂਨਾ ਮੰਡੀ ਲਾਹੌਰ ਵਿਖੇ ਤਸ਼ਰੀਫ਼ ਰੱਖ ਰਹੇ ਗੁਰੂ ਰਾਮਦਾਸ ਜੀ ਪਾਸ ਮਿਲਣ ਤੇ ਰੱਬੀ ਨੂਰ ਦੀਆਂ ਰਮਜ਼ਾਂ ਸਾਂਝੀਆਂ ਕਰਨ ਜਾਂਦੇ ਹੁੰਦੇ ਸਨ। ਪੀਰ ਜੀ ਅਨੁਸਾਰ ਉਸ ਵਕਤ ਵੀ ਗੁਰੂ ਰਾਮਦਾਸ ਜੀ ਦੀ ਇੱਛਾ ਸੀ ਕਿ ਉਹ ਇਕ ਅਜਿਹੇ ਹਰਿਮੰਦਰ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਜਿਹੜਾ ਹਰ ਕਿਸੇ ਮਨੁੱਖ ਲਈ ਬਿਨਾ ਕਿਸੇ ਭੇਦ ਭਾਵ ਦੇ ਖੁੱਲ੍ਹਾ ਹੋਵੇ ਤੇ ਉਸਦੀ ਨੀਂਹ ਵੀ ਉਹ ਕਿਸੇ ਉੱਚ ਪਾਏ ਦੇ ਰੱਬ ਦੇ ਭਗਤ ਤੋਂ ਰਖਵਾਣਾ ਚਾਹੁੰਦੇ ਸਨ। ਇਸ ਲਈ ਜਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ 1589 ਈ. ਨੂੰ ਦਰਬਾਰ ਸਾਹਿਬ ਦੀ ਉਸਾਰੀ ਕਰਨ ਦੀ ਵਿਉਂਤ ਤੇ ਅਮਲ ਕਰਨਾ ਚਾਹਿਆ ਤਾਂ ਉਸਦੀ ਨੀਂਹ ਰੱਖਣ ਲਈ ਉਨ੍ਹਾਂ ਨੇ ਹਜ਼ਰਤ ਮੀਆਂ ਮੀਰ ਜੀ ਦੀ ਹੀ ਚੋਣ ਕੀਤੀ। 101 ਸਿੱਖਾਂ ਨੂੰ ਬੜੇ ਚਾਅ ਨਾਲ ਲਾਹੌਰ ਵਿਖੇ ਮੀਆਂ ਮੀਰ ਜੀ ਨੂੰ ਸਤਿਕਾਰ ਨਾਲ ਅੰਮ੍ਰਿਤਸਰ ਲਿਆਉਣ ਲਈ ਭੇਜਿਆ ਗਿਆ ਜਿਨ੍ਹਾਂ ਨੇ ਪੀਰ ਜੀ ਨੂੰ ਇਕ ਪਾਲਕੀ ਵਿਚ ਬਿਰਾਜਮਾਨ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਤਕ ਆਪਣਾ ਮੋਢਾ ਦੇ ਕੇ ਲਿਆਂਦਾ। ਗੁਰੂ ਜੀ ਆਪਣੇ ਸਿੱਖਾਂ ਦੇ ਇਸ ਸਤਿਕਾਰੀ ਕਰਮ ਤੋਂ ਬਹੁਤ ਖੁਸ਼ ਹੋਏ। ਨੀਂਹ ਰੱਖਣ ਦਾ ਕਾਰਜ ਬੜੇ ਹੀ ਸਤਿਕਾਰੀ ਤੇ ਮਲਹਾਰੀ ਢੰਗ ਨਾਲ ਨੇਪਰੇ ਚੜ੍ਹਿਆ ਅਤੇ ਇਵੇਂ ਰੱਬ ਦੇ ਘਰ ਦੀ ਨੀਂਹ ਰੱਖਣ ਦੇ ਕਰਮ ਨਾਲ ਦੋ ਧਰਮਾਂ ਦਾ ਇਕ ਅਦੁੱਤੀ ਮੇਲ ਹੋਇਆ, ਸਦ ਭਾਵਨਾ ਬਣੀ ਤੇ ਰੱਬ ਦੀ ਜ਼ਾਤ ਨੂੰ ਪਿਆਰ ਕਰਨ ਵਾਲੇ ਇਨਸਾਨ ਇਕ ਦੂਜੇ ਦੇ ਹੋਰ ਨੇੜੇ ਹੋਏ। ਵਕਤ ਦੇ ਹਾਲਾਤਾਂ ਮੁਤਾਬਕ ਇਹ ਇਕ ਲਾਸਾਨੀ ਸੋਚ ਸੀ ਜਿਸ ਸਦਕਾ ਆਪਸੀ ਪਿਆਰ ਤੇ ਪਰਸਪਰ ਸਨੇਹ ਵਿਕਸਤ ਹੋਣ ਦੇ ਪਿੜ ਮੌਕਲੇ ਹੋਏ।ਅੱਜ ਦੇ ਦਿਨ 13 ਜਨਵਰੀ ਨੂੰ ਆਓ ! ਰਲ-ਮਿਲ ਕੇ ਅਰਦਾਸਾਂ ਕਰੀਏ ਕਿ ਪਿਆਰ ਤੇ ਮਾਨਵੀ ਬਿਹਤਰੀ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਸਾਹਿਬ ਜੀ ਅਤੇ ਸੱਯਦ ਹਜ਼ਰਤ ਮੀਆਂ ਮੀਰ ਜੀ ਦੀ ਆਪਸੀ ਨਿਕਟਤਾ ਦਾ ਲਖਾਇਕ ਇਹ ਦਰਬਾਰ ਸਾਹਿਬ, ਮਨੁੱਖ ਮਾਤਰ ਲਈ ਖੁਸ਼ੀਆਂ ਖੇੜਿਆਂ ਅਤੇ ਅਧਿਆਤਮਕ, ਰੂਹਾਨੀ ਉਚਾਈਆਂ ਪ੍ਰਦਾਨ ਕਰਨ ਲਈ ਸਦਾ ਤਤਪਰ ਰਹੇ ਅਤੇ ਇਥੋਂ ਉਤਪੰਨ ਹੁੰਦੀ ਹਰ ਧੁਨੀ, ਹਰ ਤਰੰਗ, ਸਰਬੱਤ ਦੇ ਭਲੇ ਦੇ ਸਰਬ ਸਾਂਝੇ ਪੈਗਾਮ ਨੂੰ ਹੋਰ ਬਲ ਪ੍ਰਦਾਨ ਕਰੇ। ਸਰਬੱਤ ਦੇ ਭਲੇ ਲਈ ਨਨਕਾਣਾ ਸਾਹਿਬ ਅਤੇ ਲਾਹੌਰ ਦੀਆਂ ਸਿੱਖ-ਮੁਸਲਿਮ ਆਪਸੀ ਭਾਈਚਾਰੇ ਦੀਆਂ ਨੀਂਹਾਂ ਨੂੰ ਮਜ਼ਬੂਤ ਦੇਖਣ ਵਾਲੀਆਂ ਸੰਗਤਾਂ ਦਾ ਜੱਥਾ ਅੱਜ ਲਾਹੌਰ ਹਜ਼ਰਤ ਸਾਂਈ ਮੀਆਂ ਮੀਰ ਜੀ ਦੇ ਦਰਬਾਰ ਜਾ ਕੇ ਆਪਸੀ ਪਿਆਰ ਤੇ ਵਿਸ਼ਵ ਭਰ ਵਿਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਦੀਵਾ ਜਗਾਵੇਗਾ।

error: Content is protected !!