ਭਾਈ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ। ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ। (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ। ਹੇ ਨਾਨਕ ਜੀ! (ਆਖੋ-) ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੫॥* ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ। ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ। ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ। ਮੋਟੇ ਤੌਰ’ਤੇ ਉਨ੍ਹਾਂ ਨੇ ਦਸਿਆ ਹੈ ਕਿ —ਸਿਮਰਉ ਸਿਮਰਿ ਸਿਮਰਿ ਸੁਖ ਪਾਵਉ। ਕਲਿ ਕਲੇਸ ਤਨ ਮਾਹਿ ਮਿਟਾਵਉ। ਗੁਰੂ ਨਾਨਕ ਦੇਵ ਜੀ ਨੇ ‘ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ। ‘ਜਪੁਜੀ ’ ਦੇ ਅੰਤ’ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ, ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ। ਗੁਰੂ ਅਰਜਨ ਦੇਵ ਜੀ ਨੇ ‘ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ। (ਗੁ.ਗ੍ਰੰ.520)।