ਦਿੱਲੀ ਦੀਆਂ ਸੰਗਤਾਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 60 ਕੁਇੰਟਲ ਆਟਾ ਭੇਟ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਰਸਦਾਂ ਭੇਜਣ ਦੀ ਲਗਾਤਾਰਤਾ ਬਣੀ ਹੋਈ ਹੈ। ਜਿਸ ਤਹਿਤ ਅੱਜ ਕਾਰਸੇਵਾ ਸੰਪਰਦਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ ਤੇ ਬਾਬਾ ਮਹਿੰਦਰ ਸਿੰਘ ਨੇ ਦਿੱਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਈ 60 ਕੁਇੰਟਲ ਆਟਾ ਭੇਟ ਕੀਤਾ। ਇਹ ਸੇਵਾ ਲੈ ਕੇ ਪੁੱਜੇ ਦਿੱਲੀ ਨਿਵਾਸੀ ਭਾਈ ਹਰਪ੍ਰੀਤ ਸਿੰਘ ਹੈਪੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਮਨਜੀਤ ਸਿੰਘ ਬਾਠ ਨੇ ਕਿਹਾ ਕਿ ਗੁਰੂ ਘਰ ਦੇ ਲੰਗਰਾਂ ਵਾਸਤੇ ਰਸਦਾਂ ਭੇਜਣ ਲਈ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸੰਗਤਾਂ ਰੋਜ਼ਾਨਾ ਲੰਗਰਾਂ ਲਈ ਰਸਦਾਂ ਭੇਜ ਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾ ਰਹੀਆਂ ਹਨ। ਉਨ੍ਹਾਂ ਕਾਰਸੇਵਾ ਸੰਪਰਦਾ ਅਤੇ ਦਿੱਲੀ ਦੀਆਂ ਸੰਗਤਾਂ ਦਾ ਰਸਦਾਂ ਭੇਜਣ ’ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਅਮਰ ਸਿੰਘ ਤੇ ਭਾਈ ਮਲਕੀਤ ਸਿੰਘ ਸਖੀਰਾ, ਭਾਈ ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਲਕਾ ਖਡੂਰ ਸਾਹਿਬ ਦੀ ਸੰਗਤ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 450 ਕੁਇੰਟਲ ਕਣਕ ਭੇਟ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਅਤੇ ਬੀਬੀ ਰੁਪਿੰਦਰ ਕੌਰ ਦੀ ਪ੍ਰੇਰਣਾ ਅਤੇ ਯਤਨਾਂ ਨਾਲ ਸੰਗਤਾਂ ਵੱਲੋਂ ਕਣਕ ਦੀ ਇਸ ਸੇਵਾ ਵਿਚ ਸਾਂਝੇ ਤੌਰ ’ਤੇ ਹਿੱਸਾ ਪਾਇਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਕਣਕ ਲੈ ਕੇ ਪੁੱਜੇ ਸ. ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਵੱਡੀ ਮਹਾਨਤਾ ਹੈ। ਇਥੋਂ ਲੱਖਾਂ ਸੰਗਤਾਂ ਪ੍ਰਸ਼ਾਦਾਂ ਛੱਕ ਕੇ ਨਿਹਾਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਲਈ ਰਸਦਾਂ ਭੇਟ ਕਰਨ ਪ੍ਰਤੀ ਸੰਗਤਾਂ ਹਮੇਸ਼ਾਂ ਤੱਤਪਰ ਰਹਿੰਦੀਆਂ ਹਨ, ਇਸੇ ਤਹਿਤ ਹੀ ਹਲਕਾ ਖਡੂਰ ਸਾਹਿਬ ਤੋਂ ਗੁਰੂ ਨਾਨਕ ਨਾਮ ਲੇਵਾ ਵੱਲੋਂ ਕਣਕ ਦੀ ਸੇਵਾ ਭੇਜੀ ਗਈ ਹੈ।
