ਸਿੱਖ ਸੰਗਤਾਂ ਲਈ ਖੁਸ਼ਖਬਰੀ, ਪਾਕਿਸਤਾਨ 29 ਜੂਨ ਨੂੰ ਖੋਲ੍ਹੇਗਾ ਕਰਤਾਰਪੁਰ ਲਾਂਘਾ ਪਾਕਿਸਤਾਨ ਮਹਾਰਾਣਾ ਰਣਜੀਤ ਸਿੰਘ ਦੇ ਬਰਸੀ ਮੌਕੇ 29 ਜੂਨ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, “ਪਾਕਿਸਤਾਨ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ 2020 ਨੂੰ ਲਾਂਘਾ ਖੋਲ੍ਹਣ ਲਈ ਭਾਰਤੀ ਪੱਖ ਨੂੰ ਆਪਣੀ ਤਿਆਰੀ ਬਾਰੇ ਦੱਸ ਰਹੇ ਹਾਂ।” ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਯਾਦਾਂ ਪਾਕਿਸਤਾਨ ਚ ਵੀ ਹਨ।ਜ਼ਿਕਰਯੋਗ ਹੈ ਕਿ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ 15 ਮਾਰਚ ਨੂੰ ਕਰਤਾਰਪੁਰ ਲਾਂਘਾ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ। ਪਹਿਲਾਂ ਇਸ ਨੂੰ 31 ਮਾਰਚ ਲਈ ਤੇ ਫਿਰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਪਿਛਲੇ ਸਾਲ 9 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਗਿਆ ਸੀ। ਭਾਰਤ ਦੇ ਸਿੱਖ ਬਿਨਾ ਕਿਸੇ ਰੋਕ ਦੇ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣ, ਇਸ ਲਈ ਇਸ ਲਾਂਘੇ ਦਾ ਨਿਰਮਾਣ ਕਰਵਾਇਆ ਗਿਆ ਸੀ।ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ,
ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ। ਗੁਰੂਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਪਿਛਲੇ ਖੋਲਿਆ ਗਿਆ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ।
