ਜਾਣੋ ਗੋਇੰਦਵਾਲ ਸਾਹਿਬ ਬਾਉਲੀ ਸਾਹਿਬ ਦੀਆਂ 84 ਪੌੜੀਆਂ ਦਾ ਇਤਿਹਾਸ

ਜਾਣੋ ਗੋਇੰਦਵਾਲ ਸਾਹਿਬ ਬਾਉਲੀ ਸਾਹਿਬ ਦੀਆਂ 84 ਪੌੜੀਆਂ ਦਾ ਇਤਿਹਾਸ ”ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ‘ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਪਵਿੱਤਰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕੇਂਦਰ ਸਥਾਪਤ ਕੀਤਾ। ਗੁਰੂ ਅਮਰਦਾਸ ਜੀ ਨੇ ਸੰਗਤਾਂ ਦੀ ਆਤਮਿਕ ਤੇ ਸੰਸਾਰਿਕ ਤ੍ਰਿਪਤੀ, ਤਨ-ਮਨ ਦੀ ਪਵਿੱਤਰਤਾ, ਊਚ-ਨੀਚ, ਜਾਤ-ਪਾਤ ਦੇ ਭੇਦ-ਭਾਵ ਨੂੰ ਦੂਰ ਕਰਨ ਲਈ 84 ਪੌੜੀਆਂ ਵਾਲੀ ਬਾਉਲੀ ਸਾਹਿਬ ਦੀ ਰਚਨਾ ਕਰਵਾਈ।ਇਹ ਇਤਿਹਾਸਕ ਸਥਾਨ ਜਿਥੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ, ਅਤਿ ਸੁੰਦਰ ਤੇ ਰਮਣੀਕ ਹੈ, ਉਥੇ ਪ੍ਰਬੰਧ ਪੱਖੋਂ ਵੀ ਆਦਰਸ਼ਕ ਹੈ। ਇਤਿਹਾਸਕ ਮਹੱਤਤਾ ਦਾ ਅੰਦਾਜ਼ਾ ਸਹਿਜੇ ਹੀ ਹੋ ਸਕਦਾ ਹੈ ਕਿ ਅੱਜ ਵੀ ਗੋਇੰਦਵਾਲ ਸਿੱਖੀ ਦਾ ਧੁਰਾ ਹੈ, ਲੋਕ ਕਥਨ ਪ੍ਰਸਿੱਧ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬਾਣੀ ਦਾ ਸੰਗ੍ਰਹਿ ਵੀ ਇਥੇ ਹੀ ਬਾਬਾ ਮੋਹਨ ਜੀ ਵਾਲੀਆਂ ਪੋਥੀਆਂ ਨਾਲ ਹੁੰਦਾ ਹੈ। ‘ਦੋਹਿਤਾ ਬਾਣੀ ਦਾ ਬੋਹਿਥਾ’ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਵੀ ਇਸ ਸੁਹਾਵਣੀ ਧਰਤ ‘ਤੇ ਹੋਇਆ। ਗੁਰੂ ਅਮਰਦਾਸ ਜੀ 1552 ਈ: ਵਿਚ ਇੱਥੇ ਹੀ ਗੁਰਗੱਦੀ ਤੇ ਬਿਰਾਜਮਾਨ ਹੋਏ। ਅਕਬਰ ਬਾਦਸ਼ਾਹ ਵੀ ਆਤਮਿਕ ਤ੍ਰਿਪਤੀ ਵਾਸਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਉਚੇਚਾ ਹਾਜ਼ਰ ਹੋਇਆ। ਪੰਜਾਬ ਦਾ ਮੌਸਮੀ ਤਿਉਹਾਰ ਵਿਸਾਖੀ, ਇਤਿਹਾਸਕ ਤੌਰ ‘ਤੇ ਸਿੱਖ ਜੋੜ ਮੇਲੇ ਵਜੋਂ ਇੱਥੇ ਮਨਾਉਣੀ ਸ਼ੁਰੂ ਹੋਇਆ। ਗੋਇੰਦਵਾਲ ਸਾਹਿਬ ਦੀ ਬਾਉਲੀ ਸਾਹਿਬ ਤੇ ਹੋਰ ਗੁਰ ਅਸਥਾਨਾਂ ਦੀ ਸੇਵਾ ਪਹਿਲਾਂ ਮਿਸਲਾਂ ਦੇ ਸਰਦਾਰਾਂ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਦਾ ਮੁੱਖ ਅਸਥਾਨ ਹੈ। ਦਰਸ਼ਨ ਇਸ਼ਨਾਨ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਆਉਂਦੀਆਂ ਹਨ। ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਰ-ਮੰਜ਼ਲੀ ਸ਼ਾਨਦਾਰ ਇਮਾਰਤ 1938-44 ਵਿਚ ਬਣਾਈ ਗਈ। ਯਾਤਰੂਆਂ ਦੀ ਸਹੂਲਤ ਵਾਸਤੇ ਸ੍ਰੀ ਗੁਰੂ ਅਮਰਦਾਸ ਤੇ ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਬਾਥਰੂਮਾਂ ਸਮੇਤ 55 ਕਮਰੇ ਹਨ। ਸ੍ਰੀ ਗੁਰੂ ਅਮਰਦਾਸ ਲੰਗਰ ਦਾ ਪ੍ਰਬੰਧ ਆਦਰਸ਼ਕ ਹੈ। ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਪ੍ਰਮੁੱਖ ਧਾਰਮਿਕ ਤੇ ਇਤਿਹਾਸਕ ਕੇਂਦਰ ਹੈ ਜੋ ਰੇਲਵੇ ਸਟੇਸ਼ਨ ਤਰਨ-ਤਾਰਨ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਬਿਆਸ-ਗੋਇੰਦਵਾਲ ਰੇਲਵੇ ਅਤੇ ਤਰਨ-ਤਾਰਨ, ਕਪੂਰਥਲਾ ਜੰਡਿਆਲਾ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਨਾਲ ਜੁੜਿਆ ਹੈ। ਬੱਸ ਸਟੈਂਡ ਗੋਇੰਦਵਾਲ ਤੋਂ ਕੇਵਲ 400 ਮੀਟਰ ਦੀ ਦੂਰੀ ‘ਤੇ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਇਸ ਪਾਵਨ ਅਸਥਾਨ ਦੇ ਨਾਲ ਖੂਹ ਗੁਰੂ ਅਮਰਦਾਸ ਜੀ, ਗੁਰਦੁਆਰਾ ਚੌਬਾਰਾ ਸਾਹਿਬ ਆਦਿ ਦੇਖਣ ਯੋਗ ਹਨ। ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਤੇ ਜੋਤੀ-ਜੋਤਿ ਸਮਾਉਣ ਦਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਪਹਿਲੀ, ਦੂਜੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦਾ ਆਗਮਨ ਗੁਰਪੁਰਬ ਪੰਥਕ ਸ਼ਾਨੋ-ਸ਼ੌਕਤ ਨਾਲ ਮਨਾਏ ਜਾਂਦੇ ਹਨ। ਵਧੇਰੇ ਜਾਣਕਾਰੀ ਲਈ 01859-22034, 22160 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *