ਇਸ ਪਵਿੱਤਰ ਅਸਥਾਨ ‘ਤੇ ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ਸਾਹਿਬ’ ਦੀ ਰਚਨਾ ਕੀਤੀ ਸੀ

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਮ ‘ਤੇ ‘ਰਾਮਸਰ ਸਾਹਿਬ’ ਦੇ ਪਾਵਨ ਸਰੋਵਰ ਦੀ ਸਿਰਜਣਾ ਸੰਮਤ 1659-60 ਵਿਚ ਕੀਤੀ। ਗੁਰੂ-ਘਰ ਦੇ ਪ੍ਰੀਤਵਾਨ ਬਜ਼ੁਰਗਵਾਰ ਗੁਰਸਿੱਖ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਜੀ ਨੇ ਸਰੋਵਰ ਦੀ ਅਰੰਭਤਾ ਕੀਤੀ। ਇਹ ਅਸਥਾਨ ਉਸ ਸਮੇਂ ਕੁਦਰਤੀ ਵਾਤਾਵਰਨ ਨਾਲ ਭਰਪੂਰ, ਸ਼ਾਂਤ ਜੰਗਲ-ਨੁਮਾ ਸੀ। ਇਸ ਰਮਣੀਕ ਅਸਥਾਨ ‘ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ‘ਸੁਖਮਨੀ ਸਾਹਿਬ’ ਦੀ ਪਵਿੱਤਰ ਬਾਣੀ ਦੀ ਰਚਨਾ ਕੀਤੀ ਤੇ ਫਿਰ ਇਸ ਅਸਥਾਨ ‘ਤੇ ਹੀ ਭਾਈ ਗੁਰਦਾਸ ਜੀ ਤੋਂ ਲਿਖਵਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੰਪੂਰਨ ਕੀਤਾ। ਗੁਰੂ ਅਰਜਨ ਦੇਵ ਜੀ ਵੱਲੋਂ ਸਿਰਜਤ ਇਸ ਇਤਿਹਾਸਕ ਸਰੋਵਰ ਦੇ ਕਿਨਾਰੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ। ਗੁਰਦੁਆਰਾ ਪ੍ਰਬੰਧ ਲਹਿਰ ਸਮੇਂ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। ਸ਼੍ਰੋਮਣੀ ਗੁ:ਪ੍ਰ: ਕਮੇਟੀ ਨੇ ਇਸ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕਤਾ ਨੂੰ ਸਨਮੁਖ ਰੱਖਦਿਆਂ ਇਸ ਅਸਥਾਨ ‘ਤੇ ਬਹੁਮੰਜ਼ਲੀ ਯਾਦਗਾਰੀ ਗੁਰਦੁਆਰੇ ਨੂੰ ਉਸਾਰਨ ਦਾ ਇਤਿਹਾਸਕ ਫੈਸਲਾ ਕੀਤਾ ਜਿਸ ਸਦਕਾ 1982 ਈ: ਵਿਚ ਗੁਰਦੁਆਰਾ ਰਾਮਸਰ ਸਾਹਿਬ ਦੀ ਆਧੁਨਿਕ ਵਿਸ਼ਾਲ ਇਮਾਰਤ ਦੀ ਅਰੰਭਤਾ ਹੋਈ। ਗੁਰਦੁਆਰਾ ਰਾਮਸਰ ਸਾਹਿਬ ਦੀ ਬਹੁ-ਮੰਜ਼ਲੀ ਇਮਾਰਤ ਦੂਰ ਤੋਂ ਦਿਖਾਈ ਦਿੰਦੀ ਹੈ। ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਅਤੇ ਸ਼ ਹੀ ਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਮਰਯਾਦਾ ਅਨੁਸਾਰ ਕਰਨ ਲਈ ਇਸ ਇਤਿਹਾਸਕ ਗੁਰਦੁਆਰੇ ਦੇ ਤਹਿਖਾਨੇ ਵਿਚ ‘ਗੋਲਡਨ ਆਫਸੈਟ ਪ੍ਰੈਸ’ ਲਗਾਈ ਹੈ, ਜਿਥੇ ਗੁਰਮਤਿ ਸਾਹਿਤ ਦੀ ਛਪਾਈ ਵੱਡੀ ਪੱਧਰ ‘ਤੇ ਕੀਤੀ ਜਾਂਦੀ ਹੈ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਮੈਨੇਜਰ, ਸ੍ਰੀ ਦਰਬਾਰ ਸਾਹਿਬ ਰਾਹੀਂ ਕਰਦੀ ਹੈ। ਵਧੇਰੇ ਜਾਣਕਾਰੀ ਫ਼ੋਨ ਨੰਬਰ 0183-553953, 553957,58,59 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *