ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਕੇ ਬਾਗ ਨੂੰ ਔਲਕਿਕ ਦ੍ਰਿਸ਼ ਦੇਣ ਲਈ ਵੱਡੀ ਸੇਵਾ

ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਕੇ ਬਾਗ ਨੂੰ ਔਲਕਿਕ ਦ੍ਰਿਸ਼ ਦੇਣ ਲਈ ਵੱਡੀ ਸੇਵਾ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਕੇ ਬਾਗ ’ਚ ਲਗਾਏ ਵੱਖ-ਵੱਖ ਤਰ੍ਹਾਂ ਦੇ ਫੱਲਦਾਰ ਬੂਟੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਕੇ ਬਾਗ ਅੰਦਰ ਬੂਟੇ ਲਗਾਉਣ ਦੀ ਲਗਾਤਾਰਤਾ ਬਣੀ ਹੋਈ ਹੈ। ਇਸ ਦੇ ਚੱਲਦਿਆਂ ਅੱਜ ਕਿਨੂੰ, ਚੀਕੂ, ਲੀਚੀ ਤੇ ਨਿੰਬੂ ਦੇ ਫੱਲਦਾਰ ਬੂਟੇ ਲਗਾਏ ਗਏ। ਇਹ ਬੂਟੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਇੰਚਾਰਜ ਸ. ਕਰਨਜੀਤ ਸਿੰਘ ਤੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਨੇ ਸਾਂਝੇ ਤੌਰ ’ਤੇ ਲਗਾਏ। ਦੱਸਣਯੋਗ ਹੈ ਕਿ ਪਹਿਲਾਂ ਇਸ ਪਾਰਕ ਵਿਚ ਵਿਸ਼ੇਸ਼ ਕਿਆਰੀਆਂ ਬਣਾ ਕੇ ਸੈਂਕੜੇ ਕਿਸਮ ਦੇ ਫੁੱਲ ਵੀ ਲਗਾਏ ਗਏ, ਜੋ ਲਗਾਤਾਰ ਮਹਿਕਾਂ ਬਖੇਰ ਰਹੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਲਈ ਲਗਾਤਾਰ ਯਤਨ ਕਰ ਰਹੀ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਕਾ ਬਾਗ ਵੀ ਇਸੇ ਦਾ ਹੀ ਹਿੱਸਾ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ ਅੰਦਰ ਵੀ ਇੱਕ-ਇੱਕ ਏਕੜ ਵਿਚ ਜੰਗਲ ਸਥਾਪਿਤ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚ ਵਿਰਾਸਤੀ ਬੂਟੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੇ ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਵਿਖੇ ਬੂਟੇ ਲਗਾ ਕੇ ਇਸ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਪੁੱਜਦੀਆਂ ਸੰਗਤਾਂ ਇਥੋਂ ਸੇਧ ਪ੍ਰਾਪਤ ਕਰ ਕੇ ਆਪਣੇ ਘਰਾਂ ਅੰਦਰ ਵੱਧ ਤੋਂ ਵੱਧ ਹਰਿਆਵਲ ਭਰਪੂਰ ਅਤੇ ਸੁਗੰਧੀ ਵਾਲੇ ਬੂਟੇ ਲਗਾਉਣ। ਉਨ੍ਹਾਂ ਸੰਗਤ ਨੂੰ ਸੁਨੇਹਾ ਦਿੱਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ, ਤਾਂ ਜੋ ਕੁਦਰਤੀ ਵਾਤਾਵਰਨ ਬਰਕਰਾਰ ਰਹੇ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ।

Leave a Reply

Your email address will not be published. Required fields are marked *