‘ਸ੍ਰੀ ਗੁਰੂ ਨਾਨਕ ਦੇਵ ਜੀ’ ਦੇ ਮੁਸਲਮਾਨ ਸ਼ਰਧਾਲੂ

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਜਦੋਂ ਪਾਣੀਪਤ ਵਿਖੇ ਸ਼ੇਖ਼ ਤਤੀਹਾਰ ਕੋਲ ਪਹੁੰਚੇ ਤਾਂ ਉਸ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਦਿਲ ਖੋਲ੍ਹ ਕੇ ਆਓ ਭਗਤ ਕੀਤੀ। ਪਾਣੀਪਤ ਵਿਚ ਹੀ ਸ਼ਾਹ ਸ਼ਰਫ ਨਾਂਅ ਦਾ ਇਕ ਸੂਫ਼ੀ ਫ਼ਕੀਰ ਰਹਿੰਦਾ ਸੀ, ਜਿਸ ਦੀ ਮਾਨਤਾ ਕਾਫ਼ੀ ਸੀ। ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਗੁਰੂ ਜੀ ਸ਼ੇਖ਼ ਤਤੀਹਾਰ ਦਰਵੇਸ਼ ਨੂੰ ਨਾਲ ਲੈ ਕੇ ਸ਼ਾਹ ਸ਼ਰਫ ਦੇ ਡੇਰੇ ‘ਤੇ ਪਹੁੰਚੇ। ਸ਼ਾਹ ਸ਼ਰਫ ਉਂਜ ਸੂਫ਼ੀ ਸੰਤ ਸੀ ਪਰ ਉਸ ਨੂੰ ਆਪਣੀ ਕਲਾ ‘ਤੇ ਬਹੁਤ ਮਾਣ ਸੀ। ਡੇਰੇ ਪਹੁੰਚਣ ‘ਤੇ ਉਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਗ੍ਰਹਿਸਥੀਆਂ ਵਾਲਾ ਪਹਿਰਾਵਾ ਕਿਉਂ ਪਹਿਨਿਆ ਹੋਇਆ ਹੈ ਅਤੇ ਜਦੋਂ ਤੁਸੀਂ ਸੰਸਾਰ ਤਿਆਗ ਹੀ ਦਿੱਤਾ ਹੈ ਤਾਂ ਫਿਰ ਆਹ ਦਾੜ੍ਹੀ-ਕੇਸ ਕਿਉਂ ਰੱਖੇ ਹੋਏ ਹਨ? ਗੁਰੂ ਸਾਹਿਬ ਜੀ ਨੇ ਉਸ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ-” ਅਸਲੀ ਸਾਧੂ – ਸੰਤ ਬਣਨ ਲਈ ਸਿਰ ਨਹੀਂ ਰੂਹ ਨੂੰ ਮੁੰਨਣਾ ਜ਼ਰੂਰੀ ਹੈ। ਪਹਿਰਾਵਾ ਪਹਿਨ ਕੇ ਬੰਦਾ ਸੰਤ-ਮਹਾਤਮਾ ਨਹੀਂ ਬਣ ਜਾਂਦਾ ਨੇਕ ਕਿਰਤ-ਕਮਾਈ ਬੰਦੇ ਨੂੰ ਉੱਚਾ ਚੁੱਕਦੀ ਹੈ ਨਾ ਕਿ ਗਰਦਨ ਅਕੜਾਉਣ ਨਾਲ ਬੰਦਾ ਉੱਚਾ ਹੁੰਦਾ ਹੈ…। ” ਇਸ ਤਰ੍ਹਾਂ ਗੁਰੂ ਜੀ ਦੀਆਂ ਦਲੀਲਾਂ ਅੱਗੇ ਉਸ ਦੀ ਪੇਸ਼ ਨਾ ਗਈ। ਉਸਦਾ ਹੰਕਾਰੀ ਮਨ ਨੀਵਾਂ ਹੋ ਗਿਆ ਤੇ ਉਸ ਨੇ ਆਪਣਾ ਆਸਣ ਛੱਡ ਦੇ ਗੁਰੂ ਜੀ ਨੂੰ ਉੱਥੇ ਬੈਠਣ ਲਈ ਬੇਨਤੀ ਕੀਤੀ। ਉਸ ਦਿਨ ਤੋਂ ਮਗਰੋਂ ਸ਼ਾਹ ਸ਼ਰਫ ਗੁਰੂ ਜੀ ਦਾ ਪੱਕਾ ਸ਼ਰਧਾਲੂ ਹੋ ਗਿਆ ਸੀ। ਮੀਆਂ ਮਿੱਠਾ ਨੇ ਜਿਸ ਮਿਠਾਸ ਨਾਲ ਇਸਲਾਮ ਦਾ ਪ੍ਰਚਾਰ ਕੀਤਾ, ਉਸ ਤਰ੍ਹਾਂ ਦਾ ਬਹੁਤ ਘੱਟ ਜਣਿਆਂ ਦੇ ਹਿੱਸੇ ਆਇਆ ਹੈ। ਮੀਆਂ ਮਿੱਠਾ ਪਸ਼ਰੂਰ ਦੀ ਮਸ਼ਹੂਰ, ਪੂੱਜਿਆ ਹੋਇਆ ਫ਼ਕੀਰ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਸ਼ਰੂਰ ਗਏ ਤਾਂ ਮੀਆਂ ਮਿੱਠਾ ਨਾਲ ਲੰਮੀ ਵਿਚਾਰ ਚਰਚਾ ਹੋਈ ਸੀ। ਓਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਚਾਹੀਦਾ ਹੈ ਇਨਸਾਨੀਅਤ ਨੂੰ ਮਸਜਿਦ ਅਤੇ ਸਿਦਕ ਦਿਲੀ ਨੂੰ ਇਮਾਨ ਅਤੇ ਹੱਕ ਹਲਾਲ ਦੀ ਕਮਾਈ ਨੂੰ ਕੁਰਾਨ-ਏ-ਪਾਕ ਵਾਂਗ ਮਹੱਤਤਾ ਦੇਣੀ ਚਾਹੀਦੀ ਹੈ। ਦਸਾਂ ਨੌਹਾਂ ਦੀ ਕਿਰਤ ਨੂੰ ਸੁੰਨਤ ਕਰਵਾਉਣ ਵਾਂਗ ਸਮਝਣਾ ਬਣਦਾ ਹੈ। ਆਪਣੇ ਫਰਜ਼ਾਂ ਨੂੰ ਨਿਭਾਉਣਾ ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਣ ਦੀ ਤਰ੍ਹਾਂ ਜ਼ਰੂਰੀ ਸਮਝਣਾ ਚਾਹੀਦਾ ਹੈ। ਮੀਆਂ ਮਿੱਠਾ ਇਸ ਵਿਚਾਰਧਾਰਾ ਤੋਂ ਇੰਨਾ ਪ੍ਰਭਾਵਿਤ ਹੋਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਲਿਖਤ ਅਲੀ ਰਾਜਪੁਰਾ

Leave a Reply

Your email address will not be published. Required fields are marked *