ਇਹ ਤਿੰਨ ਗੱਲਾਂ ਤੇ ਅਮਲ ਕਰ ਲਵੋ ਫਿਰ ਦੇਖਣਾ

ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ। ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥ ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤ-ਸਾਲਾਹ ਦੀ) ਕਾਠੀ ਪਾਂਦਾ ਹਾਂ, ਇੰਜ ਇਸ ਉਤੇ ਚੜ੍ਹ ਕੇ ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ। ਕੋਈ ਵਿਰਲਾ ਹੀ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਬੇਅੰਤ ਲਹਿਰਾਂ ਵਾਲੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ। ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ। ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੇ ਦਾਸ ਨਾਨਕ! ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ਤੇ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ॥੨॥ ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ, ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ। ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਜੋ (ਮਾਨੋ) ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ। ਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ। ਇੰਜ ਉਹ ਅੱਲ੍ਹੜ ਮਨ ਨੂੰ ਘੜ ਲੈਂਦਾ ਹੈ, ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ। ਆਪਣੇ ਕੰਨਾਂ ਨਾਲ ਗੁਰੂ ਦੀ ਉਚਾਰੀ ਬਾਣੀ ਸੁਣ ਕੇ ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੁੰਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ)। ਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ ਜੋ (ਗੁਰੂ ਸਰਨ ਪਇਆਂ) ਪਾਰ ਲੰਘਾ ਜਾਂਦਾ ਹੈ॥੩॥ ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ, ਜੋ ਮਨੁੱਖ (ਸਰੀਰ-ਘੋੜੀ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, ਜੋ ਮਨੁੱਖ (ਸਰੀਰ-ਘੋੜੀ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ।

Leave a Reply

Your email address will not be published. Required fields are marked *