ਜਾਣੋ – ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ‘ਪੀਰ ਦੋਸਤ ਬਾਰੇ’

ਪੀਰ ਦਰਗਾਹੀ ਸ਼ਾਹ ਦਾ ਪਿੰਡ ‘ਨਾਭਾ’ (ਅੱਜਕਲ੍ਹ ਰਾਜਪੁਰਾ ਤੋਂ ਜ਼ੀਰਕਪੁਰ) ਦੇ ਬਾਹਰ ਝੁੱਗੀ ਵਿਚ ਵਾਸਾ ਸੀ। ਉਨ੍ਹਾਂ ਦੀ ਸ਼ਖ਼ਸੀਅਤ ਰੱਬੀ ਰੰਗ ਵਿਚ ਰੰਗੀ ਹੋਈ ਸੀ। ਇਸਲਾਮਿਕ ਫ਼ਰਜ਼ਾਂ ਦੇ ਪੂਰਕ ਸਨ। ਉਨ੍ਹਾਂ ਦਾ ਜ਼ਿਆਦਾ ਸਮਾਂ ਤਸਬੀ ਫੇਰਦਿਆਂ ਦਾ ਗੁਜ਼ਰਦਾ। ਇਹ ਗੱਲ ਲਗਭਗ ਨਵੰਬਰ 1675 ਦੀ ਹੈ, ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਔਰੰ ਗਜ਼ੇਬ ਦੇ ਜ਼ੁ ਲਮ ਨੂੰ ਠੱਲ੍ਹ ਪਾਉਣ ਦਾ ਬੀ ੜਾ ਚੁੱਕਿਆ ਸੀ। ਗੁਰੂ ਸਾਹਿਬ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਸਨ। ਓਦੋਂ ਇਕ ਤਾਂ ਭਾਈ ਜੈਤਾ ਜੀ ਨੇ ਸੋਨੀਪਤ, ਪਾਨੀਪਤ, ਕਰਨਾਲ ਲੰਘ ਕੇ ਤਰਾਵੜੀ ਅਰਾਮ ਕੀਤਾ ਸੀ ਤੇ ਦੂਜਾ ਅਗਲੇ ਦਿਨ ਅੰਬਾਲਾ ਸ਼ਹਿਰ ਕੈਥ ਮਾਜਰੀ ਵਿੱਚੋਂ ਤਬਲਕ ਸ਼ਾਹ ਦੀ ਮਸੀ ਤ ਵਿਚ ਠਹਿਰ ਕੀਤੀ। ਫੇਰ ਅੰਬਾਲਾ ਤੋਂ ਚੱਲ ਦਰਗਾਹੀ ਸ਼ਾਹ ਜੀ ਪਾਸ ਰਾਤ ਕੱਟਣ ਲਈ ਆਣ ਬੇਨਤੀ ਕੀਤੀ ਤਾਂ ਦਰਗਾਹੀ ਸ਼ਾਹ ਜੀ ਨੇ ਭਾਈ ਜੈਤਾ ਜੀ ਦੀ ਕੀਤੀ ਬੇਨਤੀ ਨੂੰ ਹੁਕਮ ਵਾਂਗ ਖਿੜੇ ਮੱਥੇ ਪ੍ਰਵਾਨ ਕੀਤਾ। ਪੀਰ ਜੀ ਨੇ ਜੈਤਾ ਜੀ ਦੀ ਰੱਜ ਕੇ ਆਓ ਭਗਤ ਕੀਤੀ। ਫਿਰ ਪੀਰ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਜਤਾਈ। ਜਦੋਂ ਇਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਪੀਰ ਜੀ ਦੀਆਂ ਅੱਖਾਂ ਡੁੱਲ੍ਹ ਤੁਰੀਆਂ ਅਤੇ ਜਦੋਂ ਜੈਤਾ ਜੀ ਨੇ ਹੌਸਲਾ ਰੱਖਣ ਲਈ ਕਿਹਾ ਤਾਂ ਵੀ ਇਨ੍ਹਾਂ ਦਾ ਮਨ ਭਰਨੋਂ ਨਾ ਹਟਿਆ। ਸੁਭਾਵਿਕ ਹੀ ਪੀਰ ਜੀ ਦੇ ਮੂੰਹੋਂ ਨਿਕਲਿਆ, “ਜਾਹ ਓਏ ਔਰੰਗਿਆ ਬਾਬੇ ਬਕਾਲੇ ਤਪੱਸਵੀ ਨੂੰ ਤੇ ਦਿੱਲੀ ਦੇ ਆਬਾਦ ਸਰਮਦ ਨੂੰ ਕਤਲ ਕਰਕੇ ਤੂੰ ਅੱਲਾ ਪਾਕ ਦੀ ਦਰਗਾਹ ’ਚ ਜਾਣ ਜੋਗਾ ਰਹੇਂਗਾ…? ਤੂੰ ਆਹ ਕੁਝ ਕਰਕੇ ਬਹਿਸ਼ਤ ਦੇ ਸੁਪਨੇ ਲੈਂਦਾ ਏਂ…? ਤੂੰ ਦੋਜ਼ਖ਼ ਦਾ ਭਾਗੀਦਾਰ ਏਂ…।” ਭਰੇ ਗਲ਼ੇ ਨਾਲ ਭਾਈ ਜੈਤੇ ਨਾਲ ਵਾਰਤਾਲਾਪ ਨਾਲ ਦੱਸਣ ਲੱਗੇ ਕਿ ਜਿਹੜਾ ਬੰਦਾ ਆਪਣੀ ਮਾਂ ਜਾਏ ਨੂੰ ਕਤਲ ਕਰਕੇ, ਪਿਉ ਨੂੰ ਕੈਦ ਕਰਕੇ ਤਖ਼ਤ ਲੈਂਦਾ ਹੈ ਅਤੇ ਅਜਿਹੇ ਮਹਾਪੁਰਸ਼ਾਂ, ਬੇਕਸੂਰਾਂ ’ਤੇ ਹੱਥ ਚੁੱਕਦਾ ਏ ਉਹ ਦੋਜ਼ਖ਼ ਦਾ ਭਾਗੀਦਾਰ ਨਹੀਂ ਤਾਂ ਹੋਰ ਜੰਨਤ ਜਾਵੇਗਾ….? ਜਦੋਂ ਸਵੇਰੇ ਭਾਈ ਜੈਤਾ ਸਿੰਘ ਜੀ ਨੇ ਚਾਲੇ ਪਾਏ ਤਾਂ ਪੀਰ ਜੀ ਕਹਿਣ ਲੱਗੇ, “ ਮੇਰਾ ਇਕ ਸੁਨੇਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣਾ, ਆਖਣਾ ਕਿ ਦਰਗਾਹੀਆ ਬੁੱਢਾ ਹੋ ਗਿਆ ਏ, ਉਸ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਆ, ਪੈਰ ਵੀ ਜਵਾਬ ਦਈ ਜਾਂਦੇ ਆ, ਤੇ ਮੇਰਾ ਚਿੱਤ ਉਨ੍ਹਾਂ ਦੇ ਦਰਸ਼ਨਾਂ ਲਈ ਉਤਸੁਕ ਹੋਇਆ ਪਿਆ ਏ। ਪਰ ਮੈਂ ਬੇਵਸ ਹਾਂ, ਆਪ ਚੱਲ ਕੇ ਆਉਣ ਲਈ। ਮੈਂ ਅਰਜ਼ੋਈ ਕਰਦਾ ਹਾਂ ਕਿ ਉਹ ਇਕ ਵਾਰ ਮੇਰੀ ਕੁਟੀਆ ਵਿਚ ਆਪਣੇ ਚਰਣ ਜ਼ਰੂਰ ਪਾਉਣ। ਮੈਨੂੰ ਆਸ ਐ ਕਿ ਉਹ ਮੇਰੇ ’ਤੇ ਜ਼ਰੂਰ ਕ੍ਰਿਪਾ ਕਰਨਗੇ। ਅਨੰਦਪੁਰ ਸਾਹਿਬ ਪਹੁੰਚ ਕੇ ਸੀਸ ਦੇ ਸਸਕਾਰ ਪਿੱਛੋਂ ਭਾਈ ਜੈਤਾ ਜੀ ਨੇ ਦਸ਼ਮ ਪਿਤਾ ਜੀ ਨੂੰ ਦਰਗਾਹੀ ਸ਼ਾਹ ਜੀ ਦਾ ਸੁਨੇਹਾ ਦਿੱਤਾ ਕਿ ਉਹ ਤੁਹਾਡੇ ਦਰਸ਼ਨਾਂ ਲਈ ਵੈਰਾਗ ਵਿਚ ਹਨ ਤੇ ਤਸਾਰੀ ਵਿੱਥਿਆ ਦੱਸੀ। ਭਾਈ ਜੈਤਾ ਜੀ ਤੋਂ ਸੁਣ ਗੁਰੂ ਸਾਹਿਬ ਜੀ ਨੇ ਜੈਤਾ ਜੀ ਨੂੰ ਕਿਹਾ ਕਿ, “ ਜਦੋਂ ਆਪਾਂ ਓਸ ਪਾਸੇ ਜਾਵਾਂਗੇ ਤਾਂ ਸਾਨੂੰ ਯਾਦ ਕਰਾਈਂ ਅਸੀਂ ਜ਼ਰੂਰ ਜਾ ਕੇ ਆਵਾਂਗੇ। ” 1688 ਈ. ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਰਹੇ। ਉਸ ਮਗਰੋਂ ਕਪਾਲ ਮੋਚਨ, ਸੰਢੋਰਾ, ਟੋਕਾ ਰਾਇਪੁਰ ਰਾਣੀਆਂ ਅਤੇ ਨਾਢਾ ਸਾਹਿਬ, ਢਕੌਲੀ, ਲੋਹਗੜ੍ਹ ਹੁੰਦੇ ਹੋਏ ਜਦੋਂ ਲੋਹਗੜ੍ਹ ( ਜ਼ੀਰਕਪੁਰ ) ਪਹੁੰਚੇ ਤਾਂ ਭਾਈ ਜੈਤਾ ਜੀ ਨੇ ਗੁਰੂ ਜੀ ਨੂੰ ਯਾਦ ਕਰਾਇਆ ਸੀ, “ ਹਜ਼ੂਰ ਸਾਈਂ ਦਰਗਾਹੀ ਸ਼ਾਹ ਜੀ ਜਿਨ੍ਹਾਂ ਪਾਸ ਓਦੋਂ ਮੈਂ ਠਹਿਰ ਕੀਤੀ ਸੀ ਉਨ੍ਹਾਂ ਦਾ ਰੈਣ-ਬਸੇਰਾ ਇਥੋਂ ਨੇੜੇ ਈ ਹੈ। ” ਉਨ੍ਹਾਂ ਵੱਲੋਂ ਘੱਲਿਆ ਸੁਨੇਹਾ ਵੀ ਯਾਦ ਕਰਵਾਇਆ। ਗੁਰੂ ਜੀ ਏਨਾ ਸੁਣ ਦਰਗਾਹੀ ਸ਼ਾਹ ਜੀ ਦੇ ਦਰਸ਼ਨਾਂ ਨੂੰ ਤੁਰ ਪਏ। ਜਦੋਂ ਭਾਈ ਜੌਤਾ ਜੀ ਅਤੇ ਗੁਰ ਸਾਹਿਬ ਜੀ, ਪੀਰ ਜੀ ਦੀਆਂ ਬਰੂਹਾਂ ’ਤੇ ਅੱਪੜੇ ਤਾਂ ਜੈਤਾ ਜੀ ਨੇ ਪੀਰ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਤਸ਼ਰੀਫ ਲਿਆਏ ਹਨ। ਇੰਨਾ ਸੁਣ ਦਰਗਾਹੀ ਸ਼ਾਹ ਜੀ ਨੇ ਗੁਰੂ ਜੀ ਨੂੰ ਝੁਖ ਕੇ ਸਲਾਮ ਕੀਤਾ ਤੇ ਆਖਣ ਲੱਗੇ, ਧੰਨ ਭਾਗ ਨੇ ਮੇਰੇ ਕਿ ਤੁਸੀਂ ਮੇਰੇ ’ਤੇ ਕ੍ਰਿਪਾ ਕੀਤੀ ਆ। ਕਿੰਨਾ ਕ ਸ਼ਟ ਝੱਲਣਾ ਪਿਆ ਮੇਰੇ ਲਈ, ਤੁਸੀਂ ਗ਼ਰੀਬ ਦੀ ਕੁੱਲੀ ਨੂੰ ਭਾਗ ਲਾ ਦਿੱਤੇ ਆਪਣੇ ਚਰਣ ਪਾ ਕੇ। ਖ਼ਾਸਾ ਸਮਾਂ ਵਾਰਤਾਲਾਪ ਚਲਦੀ ਰਹੀ। ਸਾਈਂ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, “ ਪਾਤਸ਼ਾਹ ਇਹ ਚੋਲਾ ਪੁਰਾਣਾ ਹੋ ਗਿਆ ਹੈ, ਮੈਂ ਚਾਹੁੰਦਾ ਹਾਂ ਕਿ ਹੁਣ ਚੋਲਾ ਨਵਾਂ ਪਾਵਾਂ ਤੇ ਮੇਰੀ ਇਕ ਇਹ ਵੀ ਇੱਛਾ ਹੈ ਕਿ ਅੰਤਮ ਵੇਲੇ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਹੋਣ।” ਗੁਰੂ ਜੀ ਨੇ ਸਾਈਂ ਜੀ ਨੂੰ ਆਖਿਆ ਕਿ ਅਜੇ ਸਮਾਂ ਬਾਕੀ ਹੈ ਤੁਸੀਂ ਖ਼ੁਦਾ ਦੀ ਬੰਦਗੀ ਕਰੋ ਅਸਾਂ ਸਮਾਂ ਆਉਣ ’ਤੇ ਆਪ ਅੱਪੜਾਂਗੇ। ਸਮਾਂ ਲੰਘਦਾ ਗਿਆ। ਇਕ ਰੋਜ਼ ਦਰਗਾਹੀ ਸ਼ਾਹ ਜੀ ਅੱਲਾ ਨੂੰ ਪਿਆਰੇ ਹੋ ਗਏ। ਗੁਰੂ ਸਾਹਿਬ ਜੀ ਨੇ ਹੋਰ ਸਿੱਖਾਂ ਨੂੰ ਨਾਲ ਲੈ ਕੇ ਇਸ਼ਨਾਨ ਕਰਵਾਇਆ, ਗੁਸਲ ਕਰਵਾਇਆ, ਕਬਰ ਕਢਵਾਈ, ਆਪ ਹੀ ਦਫ਼ਨਾਇਆ ਸੀ। ਇੱਥੋ ਗੁਰੂ ਜੀ ਕੀਰਤਪੁਰ ਸਾਹਿਬ ਨੂੰ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ। ਨਾਭਾ ਸਾਹਿਬ (ਜ਼ੀਰਕਪੁਰ) ਵਿਖੇ ਇਤਿਹਾਸਕ ਗੁਰੂ ਘਰ ਉਸਾਰਿਆ ਗਿਆ ਹੈ, ਜਿਸ ਦੀ ਦੇਖ ਰੇਖ S.G.P.C ਕਰਦੀ ਹੈ ਅਤੇ ਗੁਰੂ ਘਰ ਤੋਂ ਬਾਹਰ ਦਰਗਾਹੀ ਸ਼ਾਹ ਦੀ ਦਰਗਾਹ ਕਬਰ ਦੇ ਰੂਪ ਵਿਚ ਸਾਂਭੀ ਹੋਈ ਹੈ। ਜਿਸ ਦੀ ਸਾਂਭ-ਸੰਭਾਲ ਸਵ ਮੁੰਨਸ਼ੀ ਖਾਨ ਸਪੁਤਰ ਕਰਮ ਬਖ਼ਸ਼ ਦੀ ਪੰਜਵੀਂ ਪੀੜ੍ਹੀ ’ਚੋਂ ਤਾਜ ਮੁਹੰਮਦ ਸਪੁੱਤਰ ਮੰਗਤ ਖਾਨ ਕਰਦੇ ਹਨ। ਇਸ ਦਰਗਾਹ ਉੱਤੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਬੁੱਧਵਾਰ ਅਤੇ ਵੀਰਵਾਰ ਨੂੰ ਸਲਾਨਾ ਉਰਸ ਮਨਾਇਆ ਜਾਂਦਾ ਹੈ। ਅਲੀ ਰਾਜਪੁਰਾ 9417679302

Leave a Reply

Your email address will not be published. Required fields are marked *