ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਔਰਤ ਵਜੋਂ ਸ਼ਾਮਿਲ ਹੋਈ ਪੰਜਾਬ ਦੀ ਧੀ

ਅਮਰੀਕਾ ਵਿੱਚ ਸਿੱਖਾਂ ਨੂੰ ਇੱਕ ਹੋਰ ਮਾਣ ਪ੍ਰਾਪਤ ਹੋਇਆ ਹੈ। ਸਿੱਖ ਵਿਸ਼ਵ ਭਰ ‘ਚ ਆਪਣੀਆਂ ਪ੍ਰਾਪਤੀਆਂ ਹਾਸਲ ਕਰਕੇ ਹਮੇਸ਼ਾ ਹੀ ਆਪਣੇ ਭਾਈਚਾਰੇ, ਸੂਬੇ ਅਤੇ ਦੇਸ਼ ਦਾ ਮਾਣ ਨਾਲ ਸਿਰ ਉੱਚਾ ਕਰਦੇ ਹਨ।ਦੱਸ ਦਈਏ ਕਿ ਪੰਜਾਬ ਦੀ ਸਿੱਖ ਪਰਿਵਾਰ ਦੀ ਧੀ ਨੇ ਅਮਰੀਕਾ ਚ ਇਤਿਹਾਸ ਸਿਰਜ ਦਿੱਤਾ ਹੈ ਜਿਸ ਦਾ ਹੌਸਲਾ ਵਧਾਉਣ ਲਈ ਭਾਈ ਲੌਂਗੋਵਾਲ ਜੀ ਨੇ ਪੋਸਟ ਪਾ ਕੇ ਵਧਾਈਆਂ ਦਿੱਤੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਔਰਤ ਵਜੋਂ ਸ਼ਾਮਿਲ ਹੋਣ ‘ਤੇ ਅਨਮੋਲ ਕੌਰ ਨੂੰ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਅਨਮੋਲ ਕੌਰ ਨਾਰੰਗ ਨੇ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੈਜੂਏਸ਼ਨ ਕਰਕੇ ਅਮਰੀਕੀ ਫ਼ੌਜ ਵਿਚ ਹਾਜ਼ਰੀ ਦਰਜ਼ ਕੀਤੀ ਹੈ। ਉਸ ਦੀ ਇਸ ਪ੍ਰਾਪਤੀ ‘ਤੇ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਨਮੋਲ ਕੌਰ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਅੱਜ ਦੇਸ਼ ਦੁਨੀਆਂ ਅੰਦਰ ਸਿੱਖਾਂ ਵੱਲੋਂ ਮਿਸਾਲੀ ਮੱਲਾਂ ਮਾਰੀਆਂ ਜਾ ਰਹੀਆਂ ਹਨ। ਇਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਦੁਨੀਆਂ ਅੰਦਰ ਹੋਰ ਵੀ ਪੁਖਤਾ ਹੋ ਰਹੀ ਹੈ। ਉਨ੍ਹਾਂ ਅਨਮੋਲ ਕੌਰ ਨਾਰੰਗ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਸ ਤੋਂ ਸਿੱਖ ਨੌਜੁਆਨੀ ਨੂੰ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਹੀ ਪਹਿਲੀ ਸਿੱਖ ਮਹਿਲਾ ਅਨਮੋਲ ਕੌਰ ਨਾਰੰਗ ਨੇ ਇਤਿਹਾਸ ਰਚਦਿਆਂ ਵੈਸਟ ਪੁਆਇੰਟ – ਯੂਐਸ ਮਿਲਟਰੀ ਅਕੈਡਮੀ ਤੋਂ ਆਪਣੀ ਡਿਗਰੀ ਹਾਸਲ ਕੀਤੀ ਹੈ। 2nd ਲੈਫਟੀਨੈਂਟ ਅਨਮੋਲ ਕੌਰ ਆਪਣੀ ਟਰੇਨਿੰਗ ਤੋਂ ਬਾਅਦ ਸਾਰੇ ਪੁਰਸ਼ਾਂ ਅਤੇ ਮਹਿਲਾ ਅਧਿਕਾਰੀਆਂ ਦੀ ਅਗਵਾਈ ਕਰਨਗੀਆਂ।ਜਦੋਂ ਹੀ ਇਹ ਖੁਸ਼ੀ ਦੀ ਖਬਰ ਸਾਹਮਣੇ ਆਈ ਤਾਂ ਉਦੋਂ ਹੀ ਟਵੀਟਰ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆ। ਇਸ ਤੋਂ ਪਹਿਲਾਂ ਸਿੱਖ ਨੌਜਵਾਨ ਜੁਝਾਰ ਸਿੰਘ ਨੂੰ ਹੇਅਵਰਡ ਪੁਲਿਸ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਹੋਇਆ ਸੀ। ਅਲਮੇਡਾ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨਾਲ ਸਬੰਧਤ 167ਵੀਂ ਪੁਲਿਸ ਅਕੈਡਮੀ ਤੋਂ ਟਰੇਨਿੰਗ ਪੂਰੀ ਕਰਨ ਵਾਲੇ ਜੁਝਾਰ ਸਿੰਘ ਪੁਰੀ ਅਲਮੇਡਾ ਕਾਊਂਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਣ ਕੇ ਨਿਕਲੇ ਹਨ।

Leave a Reply

Your email address will not be published. Required fields are marked *