ਨਿਤਨੇਮ ਤੋਂ ਭਾਵ ਹੈ ਕਿ ਹਰ ਰੋਜ਼ ਦਾ ਗੁਰਮਤਿ ਨੇਮ ਅਥਵਾ ਅਧਿਆਤਮਿਕ ਨਿਯਮ। ਜਿਸ ਤਰ੍ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ ਵੀ ਇਨਸਾਨ ਨੂੰ ਨਿਯਮ ਬੱਧ ਰਹਿਣਾ ਪੈਂਦਾ ਹੈ ਇਸੇ ਤਰ੍ਹਾਂ ਸੱਚ ਦੇ ਪਾਂਧੀ ਜਾਂ ਅਧਿਆਤਮਿਕ ਵਿਦਿਆਰਥੀ ਲਈ ਵੀ ਨਿਯਮ ਪਾਲਣੇ ਜ਼ਰੂਰੀ ਹਨ।
ਇਹ ਨਿਤਨੇਮ ਸੱਚ ਦੇ ਮਾਰਗ ਦੀ ਸਫ਼ਲਤਾ ਲਈ ਵੱਡਮੁੱਲਾ ਸਾਧਨ ਅਤੇ ਜਪ-ਤਪ ਹੈ।। ਅੰਮ੍ਰਿਤ ਵੇਲਾ ਉਠ ਕੇ ਇਸ਼ਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਦਾ ਮੁੱਢਲਾ ਨਿਯਮ ਹੈ। ਇਹ ਬਾਣੀਆਂ ਦੇ ਵੇਰਵਾ ਅੰਮ੍ਰਿਤ ਵੇਲੇ: ਜਪੁ ਜੀ ਸਾਹਿਬ ਜਾਪ ਸਾਹਿਬ ਤ੍ਵ ਪ੍ਰਸਾਦਿ ਸਵੱਯੇ ਕਬਿਯੋਬਾਚ ਬੇਨਤੀ ਚੌਪਈ ਅਤੇ ਅਨੰਦ ਸਾਹਿਬ ਦਿਨ ਨੂੰ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ। ਸੰਧਿਆ ਸਮੇਂ ਸੋ ਦਰੁ ਰਹਰਾਸਿ ਸਾਹਿਬ ਦਾ ਪਾਠ ਕਰਨਾ ਅਤੇ ਖਲੋਕੇ ਅਰਦਾਸ ਕਰਨੀ। ਰਾਤ ਨੂੰ ਸੌਣ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਨਾ। ਇਸ ਤੋਂ ਇਲਾਵਾ ਜੇ ਹੋ ਸਕੇ ਤਾਂ ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰੇ।ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ ਹੈ। ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। “ਵਾਹਿਗੁਰੂ” ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :-“ਵਾਹਿ” ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ “ਗੁਰੂ ” ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ ।ਅੰਮ੍ਰਿਤ ਵੇਲਾ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਚੜ੍ਹਦਾ ਹੈ। ਭਾਰਤੀ ਧਰਮ ਦਰਸ਼ਨ ‘ਚ ਇਸ ਸਮੇਂ ਨੂੰ ਪ੍ਰਭੂ ਮਿਲਾਪ ਦਾ ਸਮਾਂ ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ। ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ।
