ਅਨੰਦੁ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ, ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਸ਼ਬਦ ‘ਅਨੰਦੁ’ ਸਰਬੋਤਮ ਕਿਸਮ ਦੇ ਰਸਮਈ ਸੁਹਜਾਤਮਕ ਅਨੰਦ ਦੀ ਸਥਿੱਤੀ ਲਈ ਆਇਆ ਹੈ। ਇਹ ਕਿਹਾ ਜਾਂਦਾ ਹੈ ਕਿ ਅਗਰ ਰਸੀਆ ਵਿਅਕਤੀ ਲਿਵਲੀਨ ਹੋਕੇ ਇਸ ਪਵਿਤਰ ਬਾਣੀ ਦਾ ਨਿੱਤਨੇਮ ਪਾਠ ਕਰਦਾ ਹੈ,
ਉਸ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਸੁੱਖਮਈ ਅਵਸਥਾ ਬਣੀ ਰਹਿੰਦੀ ਹੈ। ਇਸ ਬਾਣੀ ਵਿੱਚ ਪ੍ਰਾਪਤੀ ਵਿੱਚ ਮਗਨ ਅਧਿਆਤਮਕ ਰਸੀਏ ਦਾ ਚਿੱਤਰ ਹੈ,” ਜਿਸ ਨੂੰ ਗਿਆਨ, ਤਰਕ ਜਾਂ ਮਨੋਵਿਗਿਆਨ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਬਿਆਨ ਕਰਨ ਦੀ ਥਾਂ ਗੁਰੂ ਕਵੀ ਨੇ ‘ਇਰੌਟੀਕੋ ਮਿਸਟੀਕਲ ਟੈਕਨੀਕ’ ਦੀ ਸਹਾਇਤਾ ਨਾਲ ਸਰੋਦੀ ਰੰਗ ਵਿੱਚ ਪੇਸ਼ ਕੀਤਾ ਹੈ।”ਅ ਨੰਦੁ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਦਰਜ ਵੱਡੇ ਆਕਾਰ ਦੀ ਇਕ ਬਾਣੀ ਜਿਸ ਦਾ ਗੁਰੂ ਅਮਰਦਾਸ ਜੀ ਦੀ ਬਾਣੀ ਵਿਚ ਉਸੇ ਤਰ੍ਹਾਂ ਦਾ ਮਹੱਤਵ ਹੈ ਜਿਸ ਤਰ੍ਹਾਂ ਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ‘ ਜਪੁਜੀ ’ ਦਾ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ‘ ਸੁਖਮਨੀ ’ ਦਾ ਹੈ । ਸਿੱਖ-ਧਰਮ ਦੇ ਸਾਰੇ ਮਾਂਗਲਿਕ ਅਤੇ ਧਾਰਮਿਕ ਅਨੁਸ਼ਠਾਨਾਂ ਅਤੇ ਮ੍ਰਿਤੂ ਸੰਬੰਧੀ ਕੀਤੇ ਜਾਣ ਵਾਲੇ ਕਰਮਾਂ/ਸੰਸਕਾਰਾਂ ਦੇ ਅਵਸਰ’ ਤੇ ਇਸ ਬਾਣੀ ਦੇ ਸੰਖਿਪਤ ਰੂਪ ( ਪਹਿਲੀਆਂ ਪੰਜ ਪਉੜੀਆਂ ਅਤੇ ਆਖੀਰਲੀ ਪਉੜੀ ) ਦਾ ਕੀਰਤਨ ਜਾਂ ਪਠਨ-ਪਾਠਨ ਕੀਤਾ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅੰਮ੍ਰਿਤ-ਸੰਚਾਰ ਦੇ ਸਮੇਂ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਵਿਚ ਵੀ ਸ਼ਾਮਲ ਕੀਤਾ ਸੀ । ਨਿੱਤ-ਨੇਮ ਦੀਆਂ ਬਾਣੀਆਂ ਵਿਚ ਵੀ ਇਸ ਦਾ ਪਾਠ ਕੀਤਾ ਜਾਂਦਾ ਹੈ । ਸ਼ਾਮ ਨੂੰ ਸੰਧਿਆ ਵੇਲੇ ਸਿੱਖ- ਸਾਧਕਾਂ ਦੁਆਰਾ ਪੜ੍ਹੀ ਜਾਣ ਵਾਲੀ ‘ ਰਹਿਰਾਸ ’ ਵਿਚ ਵੀ ਇਸ ਬਾਣੀ ਦਾ ਸੰਖਿਪਤ ਰੂਪ ਸ਼ਾਮਲ ਹੈ । ਇਸ ਰਚਨਾ ਵਿਚ ਕੋਈ ਅਜਿਹਾ ਅੰਦਰਲਾ ਪ੍ਰਮਾਣ ਉਪਲਬਧ ਨਹੀਂ ਜਿਸ ਦੇ ਆਧਾਰ’ ਤੇ ਇਸ ਦੀ ਰਚਨਾ-ਪ੍ਰੇਰਣਾ ਅਤੇ ਰਚਨਾ-ਕਾਲ ਬਾਰੇ ਕੋਈ ਅਧਿਕਾਰੀ ਗੱਲ ਕਹੀ ਜਾ ਸਕੇ । ਰਵਾਇਤ ਅਨੁਸਾਰ ਗੁਰੂ ਜੀ ਨੇ ਇਸ ਦੀ ਰਚਨਾ ਆਪਣੇ ਪੋਤਰੇ ( ਬਾਬਾ ਮੋਹਰੀ ਦੇ ਪੁੱਤਰ ) ‘ ਅਨੰਦ ’ ਦੀ ਪੈਦਾਇਸ਼ ਵੇਲੇ ਸੰਨ 1554 ਈ. ( ਸੰ. 1611 ਬਿ. ) ਵਿਚ ਕੀਤੀ ਸੀ । ‘ ਗੋਸਟਿ ਗੁਰੂ ਅਮਰਦਾਸ’ ( ਨੰ.24 ) ਅਨੁਸਾਰ ਇਕ ਦਿਨ ਗੁਰੂ ਜੀ ਗੋਇੰਦਵਾਲ ਬੈਠੇ ਸਨ ਤਾਂ ਉਨ੍ਹਾਂ ਨੂੰ ਇਸਤਰੀਆਂ ਦੇ ਗਾਉਣ ਦੀ ਆਵਾਜ਼ ਆਈ । ਪੁਛਣ ਤੇ ਪਤਾ ਲਗਾ ਕਿ ਮੋਹਰੀ ਦੇ ਘਰ ਪੁੱਤਰ ਪੈਦਾ ਹੋਇਆ ਹੈ । ਇਸ ਕਾਰਣ ਇਸਤਰੀਆਂ ‘ ਰਣ ਝੁਝਟੜਾ ਮੇਰੀ ਮਾਏ’ ਗਾ ਰਹੀਆਂ ਹਨ — ਤਬ ਗੁਰੂ ਅਮਰਦਾਸਿ ਕਹਿਆ ਜਿ ਬਚਾ ਰਣ ਝੁਝਟੜਾ ਕਵਣ ਹੈ । ਕਹੈ ਜਿ ਇਵ ਵੀ ਜਾਣਦੇ ਪਰੁ ਜਿਥੇ ਸਾਦੀ ਆਨੰਦ ਹੋਦਾ ਤਿਥੈ ਏਹੋ ਰਣ ਝੁਝਟੜਾ ਹੀ ਗਾਵਦੀਆਂ ਹੈਨਿ ਬਾਲਕਿ ਜਮਿਐ ਹੋਇਐ । ਤਬ ਗੁਰੂ ਕਹਿਆ ਜਿ ਬਚਾ ਜਿਨਿ ਏਹੁ ਭੇਜਿਆ ਹੈ ਉਸ ਦਾ ਆਨੰਦ ਗਾਵੀਐ ਜਿਸ ਦਾ ਆਨੰਦੋ ਹੀ ਆਨੰਦੁ ਹੋਇ ਰਹੇ ।
