ਪਾਠ ਕਿਵੇਂ ਕਰੀਏ ‘ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ। ਗੁਰੂ ਗ੍ਰੰਥ ਸਾਹਿਬ ਦਾ ਪਠਨ-ਪਾਠਨ ‘ ਪਾਠ’ ਨਾਂ ਨਾਲ ਪ੍ਰਚਲਿਤ ਹੈ । ਇਹ ਪਾਠ ਕਈ ਰੂਪ ਧਾਰਣ ਕਰ ਚੁਕਾ ਹੈ , ਜਿਵੇਂ ਅਖੰਡ-ਪਾਠ , ਅਤਿ -ਅਖੰਡ-ਪਾਠ , ਸਾਧਾਰਣ-ਪਾਠ , ਸਪਤਾਹਿਕ-ਪਾਠ , ਸੰਪੁਟ -ਪਾਠ , ਸਹਿਜ-ਪਾਠ , ਖੁਲ੍ਹਾ-ਪਾਠ , ਪੱਤਰਾ ਪਾਠ ਆਦਿ ( ਵੇਖੋ ਵਖਰੇ ਵਖਰੇ ਇੰਦਰਾਜ ) ।
ਅਜਿਹੇ ਪਾਠ-ਭੇਦਾਂ ਦਾ ਮੁੱਖ ਕਾਰਣ ਇਹ ਹੈ ਕਿ ਹਰ ਡੇਰੇ , ਸੰਪ੍ਰਦਾਇ ਜਾਂ ਜੱਥੇ ਦਾ ਮੁਖੀਆ ਆਪਣੀ ਵਿਦਵੱਤਾ ਜਾਂ ਪਾਠ ਦੀ ਮਰਯਾਦਾ ਦੀ ਪ੍ਰਪਕਤਾ ਲਈ ਕੋਈ ਨ ਕੋਈ ਨਵੀਂ ਗੱਲ ਜਾਂ ਵਿਧੀ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ , ਭਾਵੇਂ ਉਹ ਗੁਰੂ -ਆਸ਼ੇ ਦੇ ਵਿਪਰੀਤ ਹੀ ਕਿਉਂ ਨ ਜਾਂਦੀ ਹੋਵੇ । ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਸੇ ਵੀ ਪ੍ਰਕਾਰ ਦਾ ਕਿਉਂ ਨ ਹੋਵੇ , ੳਸ ਨੂੰ ਕਰਨ ਵਿਚ ਚਿੱਤ ਦੀ ਇਕਾਗ੍ਰਤਾ ਅਤੇ ਆਤਮ-ਸ਼ੁੱਧੀ ਦੀ ਬੁਨਿਆਦੀ ਲੋੜ ਹੈ । ਕਿਸੇ ਪ੍ਰਕਾਰ ਦਾ ਕੋਈ ਵਿਖਾਵਾ , ਆਡੰਬਰ ਜਾਂ ਮਰਯਾਦਾ- ਹੀਨਤਾ ਨਹੀਂ ਹੋਣੀ ਚਾਹੀਦੀ । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ । ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ । ( ਗੁ.ਗ੍ਰੰ.641 ) ।ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ । ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ।ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ । ( ਗੁ.ਗ੍ਰੰ.520 ) । ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ । ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ । ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ।
