ਅੱਜ ਦੇ ਪਵਿੱਤਰ ਦਿਨ ਤੇ ਦਰਸ਼ਨ ਕਰੋ ਜੀ ‘ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ’ ਜੀਵਨ-ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਪਿੰਡ ਗੁਰੂ ਕੀ ਵਡਾਲੀ ਦਾ ਇਤਿਹਾਸ ‘ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੀ ਈਰਖਾ ਹੱਦੋਂ ਵਧ ਜਾਣ ਕਰਕੇ ਵਡਾਲੀ ਨੱਤਾਂ
(ਗੁਰੂ ਕੀ ਵਡਾਲੀ ਦਾ ਪੁਰਾਤਨ ਨਾਂ) ਦੇ ਨਿਵਾਸੀ ਸੇਵਕਾਂ ਭਾਈ ਖ਼ਾਨ ਤੇ ਭਾਈ ਢੋਲ ਦੀ ਬੇਨਤੀ ਮੰਨ ਕੇ ਉੱਜੜ ਚੁੱਕੇ ਪਿੰਡ ਦੀ ਥਾਂ ਨਵਾਂ ਨਗਰ ਵਸਾਉਣ ਲਈ ਚੱਲ ਪਏ। ਨਾਲ ਹੀ ਬਾਬਾ ਬੁੱਢਾ ਸਾਹਿਬ ਦੇ ਬਚਨ ਜੋ ਮਾਤਾ ਗੰਗਾ ਜੀ ਨੂੰ ਸੁਭਾਵਕ ਕਹੇ ਗਏ ਸਨ (ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ) ਨੂੰ ਪੂਰਾ ਕਰਨ ਹਿੱਤ ਅੰਮ੍ਰਿਤਸਰ ਤੋਂ ਲਗਪਗ 10 ਕਿਲੋਮੀਟਰ ਦੂਰੀ ‘ਤੇ ਪੱਛਮ ਵੱਲ ਵਡਾਲੀ ਨੱਤਾਂ ਦੀ ਵਿਖੇ ਕੁਝ ਸੇਵਕਾਂ ਤੇ ਪਰਿਵਾਰ ਸਮੇਤ ਆ ਗਏ । ਇੱਥੇ ਗੁਰੂ ਜੀ ਨੇ ਆਸਣ ਲਾਇਆ। ਉਸ ਸਮੇਂ ਇੱਥੇ ਬੇਰੀ ਦਾ ਵੱਡਾ ਦਰੱਖਤ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਛੇਹਰਟਾ ਸਾਹਿਬ ਹੈ। ਵਡਾਲੀ ਨੱਤਾਂ ਦੇ ਨਿਵਾਸੀ ਭਾਈ ਭਾਗੂ ਜੀ ਗੁਰੂ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਆਪਣੇ ਵਾੜ੍ਹੇ (ਰਿਹਾਇਸ਼) ਵਿੱਚ ਲੈ ਗਏ ਜਿੱਥੇ 21 ਹਾੜ 1595 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖ ਤੋਂ ਛੇਵੇਂ ਗੁਰੂ ਜੀ ਦਾ ਪ੍ਰਕਾਸ਼ ਹੋੋਇਆ। ਬੇਰੀ ਹੇਠ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦ ਸਿੱਖ ਸੇਵਕਾਂ ਨੇ ਆ ਕੇ ਦੱਸਿਆ ਕਿ ਆਪ ਜੀ ਦੇ ਗ੍ਰਹਿ ਵਿਖੇ ਪੁੱਤਰ ਨੇ ਜਨਮ ਲਿਆ ਹੈ ਤਾਂ ਗੁਰੂ ਜੀ ਨੇ ਖ਼ੁਸ਼ੀ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲਾ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 396 ‘ਤੇ ਅੰਕਿਤ ਹੈ : ਸਤਿਗੁਰ ਸਾਚੈ ਦੀਆ ਭੇਜਿ।। ਚਿਰੁ ਜੀਵਨੁ ਉਪਜਿਆ ਸੰਜੋਗਿ ।। ਪੰਚਮ ਪਾਤਸ਼ਾਹ ਨੇ ਆਪਣੇ ਘਰ ਬਾਲ ਪੈਦਾ ਹੋਣ ਦੀ ਖ਼ੁਸ਼ੀ ਵਿੱਚ ਸੇਵਕਾਂ ਦੀ ਬੇਨਤੀ ‘ਤੇ ਨਵੇਂ ਨਗਰ ਦਾ ਮੋੜ੍ਹੀ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੱਡੀ ਤੇ ਬਾਬਾ ਜੀ ਨੂੰ ਨਗਰ ਤੇ ਬਾਲਕ ਦਾ ਨਾਂ ਰੱਖਣ ਲਈ ਕਿਹਾ ਤਾਂ ਬਾਬਾ ਜੀ ਨੇ ਬਾਲਕ ਦਾ ਨਾਂ ਹਰਿਗੋਬਿੰਦ ਤੇ ਨਗਰ ਦਾ ਪੁਰਾਤਨ ਨਾਂ ਬਦਲਕੇ ‘ਗੁਰੂ ਕੀ ਵਡਾਲੀ’ ਰੱਖਿਆ ਤੇ ਬਚਨ ਕੀਤਾ ਇਹ ‘ਗੁਰੂ ਬਾਲਕ ਪ੍ਰਗਟ ਹੋਇਆ’ ਹੈ। ਨਵੇਂ ਨਗਰ ਲਈ ਸੇਵਕਾਂ ਭਾਈ ਖ਼ਾਨ ਤੇ ਭਾਈ ਢੋਲ ਵੱਲੋਂ ਗੁਰੂ ਜੀ ਨੂੰ ਕਈ ਸੌ ਏਕੜ ਜ਼ਮੀਨ ਖ਼ੁਸ਼ੀ ਵਜੋਂ ਭੇਟ ਕੀਤੀ। ਗੁਰੂ ਜੀ ਨੇ ਨਵੇਂ ਨਗਰ ਨੂੰ ਅਬਾਦ ਕਰਨ ਅਤੇ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਬਾਬਾ ਬੁੱਢਾ ਜੀ ਦੇ ਵੱਡੇ ਪੱੁਤਰ ਬਾਬਾ ਸਹਾਰੀ ਜੀ ਰੰਧਾਵਾ ਨੂੰ ਘਣੀਏ ਕੇ ਬਾਂਗਰ ਤੋਂ ਆਪਣੇ ਕੋਲ ਲਿਆਂਦਾ। ਸੇਵਕਾਂ ਵੱਲੋਂ ਦਾਨ ਕੀਤੀ ਗਈ ਜ਼ਮੀਨ ਵਿੱਚ ਗੁਰੂ ਜੀ ਨੇ ਸੋਕੇ ਕਾਰਨ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਪਹਿਲੀ ਵਾਰ ਪਰਸ਼ੀਅਨ ਢੰਗ ਦੇ ਕਈ ਖੂਹ ਲਗਵਾਏ ਜਿਨ੍ਹਾਂ ਦੇ ਨਾਂ ਦੋਹਰਟਾ, ਤਿੰਨਹਰਟਾ, ਚਾਰਹਰਟਾ, ਪੰਜਹਰਟਾ ਤੇ ਛੇਹਰਟਾ ਰੱਖੇ ਗਏ । ਇਨ੍ਹਾਂ ਖੂਹਾਂ ਨੂੰ ਪੰਚਮ ਪਾਤਸ਼ਾਹ ਨੇ ਕਈ ਵਰ ਦਿੰਦੇ ਹੋਏ ਫੁਰਮਾਇਆ ਕਿ ਬੇ-ਔਲਾਦ ਬੀਬੀਆਂ ਨੂੰ ਇੱਥੇ ਇਸ਼ਨਾਨ ਕਰਕੇ ਨਾਮ ਜਪਣ, ਸੇਵਾ ਕਰਕੇ ਅਰਦਾਸ ਕਰਨ ਨਾਲ ਸੰਤਾਨ ਦੀ ਪ੍ਰਾਪਤੀ ਹੋਵੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਕੀ ਵਡਾਲੀ ਵਿੱਚ ਲਗਪਗ ਤਿੰਨ ਸਾਲ ਸੱਤ ਮਹੀਨੇ ਨਿਵਾਸ ਕੀਤਾ। ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਦੀ ਬੇਨਤੀ ‘ਤੇ ਪੰਚਮ ਪਾਤਸ਼ਾਹ ਬਾਲਕ ਹਰਿਗੋਬਿੰਦ ਤੇ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਹੱਥੀਂ ਲਾਏ ਖੂਹਾਂ ਅਤੇ ਜ਼ਮੀਨ ਦੀ ਮਾਲਕੀ ਬਾਬਾ ਸਹਾਰੀ ਰੰਧਾਵਾ ਨੂੰ ਗੁਰਦੁਆਰਾ ਮੰਜੀ ਸਾਹਿਬ (ਗੁਰੂ ਕੀ ਵਡਾਲੀ) ਦੇ ਸਥਾਨ ਤੇ ਸੌਂਪ ਕੇ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਦਾ ਵਰ ਅਤੇ ‘ਹਮੇਸ਼ਾ ਤੇਰੇ ਅੰਗ ਸੰਗ ਰਹਾਂਗੇ’ ਦੀ ਬਖਸ਼ਿਸ਼ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਜਵਾਨ ਹੋਏ ਹਰਿਗੋਬਿੰਦ ਨੂੰ ਗੁਰੂ ਪਿਤਾ ਨੇ ਅੱਖਰੀ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਬ੍ਰਹਮ ਗਿਆਨੀ ਬਾਬਾ ਬੱੁਢਾ ਜੀ ਕੋਲੋਂ ਦਿਵਾਈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ (1606ਈਸਵੀ) ਤੋਂ ਬਾਅਦ ਬਦਲੇ ਹਾਲਾਤ ਕਰਕੇ ਸਿੱਖੀ ਨੂੰ ਨਵਾਂ ਮੋੜ ਦਿੱਤਾ। ਛੇਵੇਂ ਪਾਤਸ਼ਾਹ ਵੱਲੋਂ ਲਗਪਗ ਉਨੰਜਾ ਸਾਲ ਦੀ ਉਮਰ ਵਿੱਚ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਲਾਸਾਨੀ ਕਾਰਜਾਂ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਗੁਰੂ ਸਾਹਿਬ ਵੱਲੋਂ ਕੀਤੇ ਇਤਿਹਾਸਕ ਕਾਰਜਾਂ ਦੀ ਸੂਚੀ ਬਹੁਤ ਲੰਮੀ ਹੈ ਜਿਨ੍ਹਾਂ ਵਿੱਚੋਂ ਕੁਝ ਕੁ ਬਾਰੇ ਝਾਤ ਮਾਰਦੇ ਹਾਂ: -ਗੁਰਿਆਈ ਦੀ ਪ੍ਰੰਪਰਾਗਤ ਰਸਮ ਸੇਲੀ ਟੋਪੀ ਦੀ ਥਾਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ । -ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਬੁੰਗਾ (ਅਕਾਲ ਤਖ਼ਤ) ਦਾ ਨਿਰਮਾਣ ਕਰਵਾਇਆ ਜਿੱਥੇ ਢਾਡੀਆਂ ਕੋਲੋਂ ਸਿੱਖ ਸੰਗਤਾਂ ਵਿੱਚ ਬੀਰ ਰਸ ਭਰਨ ਲਈ ਵਾਰਾਂ ਗਵਾਉਂਦੇ ਤੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦਿਵਾਉਂਦੇ।
