ਚੌਪਾਈ ਸਾਹਿਬ ਦਾ ਪਾਠ ਸਰਵਣ ਕਰੋ ਜੀ ”ਚੌਪਈ ਜਾਂ ਕਬਯੋਬਾਚ ਬੇਨਤੀ ਚੌਪਾਈ ( ਕਬਯੋਬਾਚ- ਕਵੀ ਦੇ ਸ਼ਬਦਾਂ ਵਿਚ; ਬੇਨਤੀ-ਅਰਜ ਜਾਂ ਅਰਦਾਸ; ਚੌਪਈ-ਇਹ ਉਸ ਛੰਦ ਦਾ ਨਾਮ ਹੈ ਜਿਸ ਵਿਚ ਕਵੀ ਨੇ ਰਚਨਾ ਕੀਤੀ ਹੈ ) , ਦਸਮ ਗ੍ਰੰਥ ਵਿਚ ਚਰਿਤ੍ਰੋਪਾਖਯਾਨ ਦੀਆਂ ਕਥਾਵਾਂ ਦੇ ਅਖੀਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ 25 ਪਦਿਆਂ ਦੀ ਲੰਮੀ ਰਚਨਾ ਹੈ ।
ਚੌਪਈ ਸਿੱਖਾਂ ਦੇ ਨਿਤਨੇਮ ਸਮੇਂ ਸ਼ਾਮ ਨੂੰ ਪੜ੍ਹੀ ਜਾਂਦੀ ਰਹਿਰਾਸ ਦਾ ਹਿੱਸਾ ਹੈ ਅਤੇ ਨਾਲ ਹੀ ਇਹ ਬਾਣੀ ਸਿੱਖ ਅੰਮ੍ਰਿਤ ਸੰਸਕਾਰ ਸਮੇਂ ਅੰਮ੍ਰਿਤ ਤਿਆਰ ਕਰਨ ਵਾਲੀਆਂ ਪੰਜ ਬਾਣੀਆਂ ਵਿਚ ਸ਼ਾਮਲ ਹੈ । ਜਿਵੇਂ ਕਿ ਇਸਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਇਹ ਰਚਨਾ ਚੌਪਈ ਛੰਦ ਵਿਚ ਗੁਰੂ ਜੀ ਦੀ ਪਰਮਾਤਮਾ ਅੱਗੇ , ਸੁਰੱਖਿਆ ਅਤੇ ਅਸ਼ੀਰਵਾਦ ਲਈ , ਅਰਦਾਸ ਹੈ । ‘ ‘ ਹੇ ਅਕਾਲ ਪੁਰਖ , ਮੇਰੀ ਹੱਥ ਦੇ ਕੇ ਰੱਖਿਆ ਕਰੋ , ਅਤੇ ਮੇਰੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਜਾਵੇ : ਤੁਹਾਡੇ ਚਰਨਾਂ ਵਿਚ ਮੇਰਾ ਮਨ ਜੁੜਿਆ ਰਹੇ—’ ’ ( 1 ) । “ ਤੇਰੇ ਨਾਮ ਸਿਮਰਨ ਦੀ ਪਿਆਸ ਲੱਗੀ ਰਹੇ—’ ’ ( 3 ) । ਪਰਮਾਤਮਾ ਨੂੰ ਸਰਬ-ਵਿਆਪਕ ਅਤੇ ਸਰਬ-ਸ਼ਕਤੀਮਾਨ ਕਿਹਾ ਜਾਂਦਾ ਹੈ; ਉਹ ਸ਼ਕਤੀ ਦਾ ਸੁਆਮੀ ( ਸਰਬ-ਲੋਹ ) ਅਤੇ ਤੇਗ਼ ਦਾ ਧਨੀ ( ਖੜਗਕੇਤ ) ਹੈ । “ ਸੰਤਾਂ ਦੇ ਰੱਖਿਅਕ , ਦੀਨ ਬੰਧੂ , ਦੋਖੀਆਂ ਨੂੰ ਮਾਰਨ ਵਾਲੇ ਪ੍ਰੀਤਮ ਵਾਹਿਗੁਰੂ-ਤੁਸੀ ਚੌਦ੍ਹਾਂ ਲੋਕਾਂ ਦੇ ਮਾਲਕ ਹੋ ( 6 ) । ” ਇਸ ਤਰ੍ਹਾਂ ਦੇ ਸੁਆਮੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਜਲੂਮਾਂ ਅਤੇ ਦੁ-ਖੀਆਂ ਦੀ ਸਹਾਇਤਾ ਲਈ ਬੇਨਤੀ ਕਰਦੇ ਹਨ; ਅਤੇ ਇਸ ਤਰ੍ਹਾਂ ਦੇ ਸੁਆਮੀ ਨੂੰ ਹੀ ਗੁਰੂ ਜੀ ਹਮੇਸ਼ਾਂ ਦਿਲ ਵਿਚ ਵਸਾਉਣਾ ਚਾਹੁੰਦੇ ਹਨ । ਕਾਵਿ ਵਿਚ ਭਾਰਤੀ ਮਿਥਿਹਾਸ ਵਿਚਲੀਆਂ ਸ਼ਖ਼ਸੀਅਤਾਂ ਅਤੇ ਬ੍ਰਹਮਾ , ਵਿਸ਼ਣੁ ਅਤੇ ਸ਼ਿਵ ਵਰਗੇ ਹਿੰਦੂ ਦੇਵਤਿਆਂ ਦੇ ਹਵਾਲੇ ਹਨ ਜੋ ਕਿ ਸਾਰੇ ਸਾਜਨਹਾਰ ਅਕਾਲ ਪੁਰਖੀ ਦੇ ਅਧੀਨ ਦਰਸਾਏ ਗਏ ਹਨ । ‘ ‘ ਜਬ ਉਦਕਰਖ ਕਰ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥ ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈਂ ਮਿਲਤ ਦੇਹ ਧਰ ਸਭਹੂੰ’ ’ ( 13 ) । ਵਿਸ਼ਵ ਦੀ ਉਤਪਤੀ ਦੇ ਸਿਧਾਂਤ ਵਿਚ ਵੀ ਕਿਹਾ ਗਿਆ ਹੈ ‘ ‘ ਕੋਈ ਵੀ ਬ੍ਰਹਿਮੰਡ ਦੇ ਪਸਾਰੇ ਦਾ ਵਰਨਨ ਨਹੀਂ ਕਰ ਸਕਦਾ ਹੈ ਅਤੇ ਇਹ ਵੀ ਕੋਈ ਨਹੀਂ ਜਾਣਦਾ ਕਿ ਕਿਸ ਤਰੀਕੇ ਨਾਲ ਪਹਿਲਾਂ ਸੰਸਾਰ ਬਣਾਇਆ ਗਿਆ’ ’ ( 17 ) । ਕੁਝ ਹੋਰ ਉਸਤਤੀ ਦੀਆਂ ਪੰਕਤੀਆਂ ਨਾਲ ਇਸ ਕਾਵਿ ਦੀ ਸਮਾਪਤੀ ਹੁੰਦੀ ਹੈ : “ ਹੇ ਖੜਗਕੇਤ , ਮੈਂ ਤੇਰੀ ਸ਼ਰਣ ਆਇਆ ਹਾਂ । ਮੈਨੂੰ ਆਪਣਾ ਹੱਥ ਦੇ ਕੇ ਬਚਾ ” । ਸਭ ਥਾਵਾਂ ਤੇ ਮੇਰੇ ਸਹਾਈ ਹੋਵੋ ਅਤੇ ਦੁਸ਼ਟਾਂ ਦੋਖਾਂ ( ਦੋਸ਼ਾਂ ) ਦੇ ਪੰਜੇ ਵਿਚੋਂ ਮੈਨੂੰ ਬ-ਚਾ ਲਉ ( 25 ) ।
