ਇਹ ਕੰਮ ਕਰਲੋ ਤਰੱਕੀ ਆਪੇ ਹੋਵੇਗੀ ‘ਹਰ ਰੋਜ਼ ਸਿਮਰਨ ਕਰਿਆ ਕਰੋ ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ ।
ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ । ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ । ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ । ( ਗੁ.ਗ੍ਰੰ.520 ) ।ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ । ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ । ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ । ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ । ( ਗੁ.ਗ੍ਰੰ.473 ) । ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ । ਨਾਮ ਦਾ ਸਿਮਰਨ ਗੁਰਮਤਿ ਵਿਚ ਪਰਮ- ਆਵੱਸ਼ਕ ਹੈ । ਸੰਖੇਪ ਵਿਚ ਕਿਹਾ ਜਾਏ ਤਾਂ ਗੁਰਮਤਿ-ਸਾਧਨਾ ਹੈ ਹੀ ਨਾਮ-ਸਾਧਨਾ ਜਾਂ ਨਾਮ-ਸਿਮਰਨ । ਨਾਮ-ਸਿਮਰਨ ਲਈ ਤਾਕੀਦ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ— ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ । ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ । ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ । ( ਗੁ.ਗ੍ਰੰ.1352 ) ।
