ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ’ਚ ਜਲਦ ਕਰਵਾ ਰਹੀ ਹੈ ਵੱਡੀ ਸੇਵਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਣ ਸੰਭਾਲ ਦੇ ਮੱਦੇਨਜ਼ਰ ਇਤਿਹਾਸਕ ਗੁਰਦੁਆਰਿਆਂ ’ਚ ਬਾਗ ਲਗਾਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਜਲਦ ਹੀ ਵੱਖ-ਵੱਖ ਗੁਰੂ ਘਰਾਂ ਅੰਦਰ ਰਵਾਇਤੀ ਕਿਸਮ ਦੇ ਬੂਟਿਆਂ ਵਾਲੇ ਜੰਗਲ ਨਜ਼ਰ ਆਉਣਗੇ। ਇਸ ਕਾਰਜ ਲਈ ਇਕ-ਇਕ ਏਕੜ ਰਕਬਾ ਵਰਤਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ। ਇਸੇ ਅਨੁਸਾਰ ਹੀ ਗੁਰਦੁਆਰਾ ਸਾਹਿਬਾਨ ’ਚ ਜੰਗਲ ਸਥਾਪਿਤ ਕੀਤੇ ਜਾ ਰਹੇ ਹਨ। ਮੁੱਢਲੇ ਤੌਰ ’ਤੇ ਇਸ ਕਾਰਜ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਨਜ਼ਦੀਕ ਛੇਵੇਂ ਪਾਤਸ਼ਾਹ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸਤਲਾਣੀ ਸਾਹਿਬ ਅਤੇ ਤਰਨ ਤਾਰਨ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਤੋਂ ਹੋਵੇਗੀ। ਇਸ ਨੂੰ ਲੈ ਕੇ ਅੱਜ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵੱਲੋਂ ਜਗ੍ਹਾ ਦਾ ਮੁਆਇਨਾ ਕੀਤਾ ਗਿਆ। ਇਸ ਮੌਕੇ ਸ. ਰਾਜਿੰਦਰ ਸਿੰਘ ਰੂਬੀ ਤੇ ਸ. ਬਲਦੇਵ ਸਿੰਘ ਮੈਨੇਜਰ ਵੀ ਮੌਜੂਦ ਸਨ। ਭਾਈ ਰਜਿੰਦਰ ਸਿੰਘ ਮਹਿਤਾ ਅਨੁਸਾਰ ਸਤਲਾਣੀ ਸਾਹਿਬ ਅਤੇ ਰੱਤੋਕੇ ਤੋਂ ਬਾਅਦ 40 ਦੇ ਕਰੀਬ ਗੁਰਦੁਆਰਾ ਸਾਹਿਬਾਨ ਅੰਦਰ ਜੰਗਲ ਸਥਾਪਤ ਕੀਤੇ ਜਾਣਗੇ। ਇਹ ਕਾਰਜ ਇਸੇ ਸਾਲ ਵਿਚ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬਾਗ ਲਗਾਉਣ ਲਈ ਹਰ ਗੁਰੂ ਘਰ ਅੰਦਰ ਇਕ-ਇਕ ਏਕੜ ਜ਼ਮੀਨ ਵਰਤੀ ਜਾਵੇਗੀ। ਇਸ ਕਾਰਜ ਲਈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਹਰ ਬਾਗ ਅੰਦਰ 45 ਕਿਸਮ ਦੇ ਰਵਾਇਤੀ ਬੂਟੇ ਲਗਾਏ ਜਾਣਗੇ। ਬੂਟਿਆਂ ਦੀ ਕੁੱਲ ਗਿਣਤੀ 4200 ਦੇ ਕਰੀਬ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਗ ਸਥਾਪਿਤ ਕਰਨ ਦਾ ਮੰਤਵ ਕੁਦਰਤੀ ਵਾਤਾਵਰਣ ਪੈਦਾ ਕਰਨਾ ਹੈ। ਇਸੇ ਕਰਕੇ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਰਕਰਮਾਂ ਵਿਚ ਵੀ ਬੂਟੇ ਲਗਾਏ ਗਏ ਹਨ। ਹੁਣ ਗੁਰਦੁਆਰਾ ਸਾਹਿਬਾਨ ’ਚ ਬਾਗ ਲੱਗਣ ਨਾਲ ਇਸ ਵਿਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬਾਗਾਂ ਵਿਚ ਬੋਹੜ, ਪਿੱਪਲ, ਨਿੰਮ, ਹਰੜ, ਬਹੇੜਾ, ਆਵਲਾ, ਜੰਡ, ਟਾਹਲੀ, ਦੇਸੀ ਕਿੱਕਰ, ਸ਼ਹਿਤੂਤ, ਅਰਜਨ, ਗੁੱਲੜ, ਧਰੇਕ, ਅੰਬ, ਜਾਮਨ, ਅਮਰੂਦ, ਆੜੂ, ਲਸੂੜਾ, ਦੇਸੀ ਬੇਰੀ, ਬਿੱਲ ਪੱਤਰ, ਅਨਾਰ, ਢੇਊ, ਬਕੈਣ, ਸ਼ਰੀਹ, ਸੁਹੰਜਣਾ, ਕਚਨਾਰ, ਪੁਤਰਨ ਜੀਵਾ, ਕੜ੍ਹੀ ਪੱਤਾ, ਕਣਕ ਚੰਪਾ, ਝਿਰਮਿਲ ਸੁਖਚੈਨ, ਸੁਖਚੈਨ, ਸਾਗਵਾਨ, ਢੱਕ, ਅਮਲਤਾਸ, ਪਹਾੜੀ ਕਿੱਕਰ, ਬਾਂਸ, ਚਾਂਦਨੀ, ਮਰੂਆ, ਹਾਰ ਸ਼ਿੰਗਾਰ, ਰਾਤ ਦੀ ਰਾਣੀ, ਜਟਰੋਫਾ ਆਦਿ ਹੋਣਗੇ।

Leave a Reply

Your email address will not be published. Required fields are marked *