ਜਦੋਂ ਗੂੰਗਾ ਬੋਲਣ ਲੱਗ ਪਿਆ ਸ਼ੇਅਰ ਕਰੋ ਜੀ ‘ਗੁਰਦੁਆਰਾ ਪੰਜੋਖਰਾ ਸਾਹਿਬ ”ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ, ਅਠਵੇਂ ਨਾਨਕ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਹੈ। ਗੁਰੂ-ਘਰ ਦੇ ਪ੍ਰੀਤਵਾਨ, ਦਿੱਲੀ ਨਿਵਾਸੀ ਰਾਜਾ ਜੈ ਸਿੰਘ ਦੀ ਬੇਨਤੀ ‘ਤੇ ਕੀਰਤਪੁਰ ਤੋਂ ਦਿੱਲੀ ਜਾਣ ਸਮੇਂ ਗੁਰੂ ਜੀ ਨੇ ਸਿੱਖ ਸੰਗਤਾਂ ਸਮੇਤ ਇਸ ਅਸਥਾਨ ‘ਤੇ ਕੁਝ ਦਿਨ ਨਿਵਾਸ ਕੀਤਾ।
ਪੰਜੋਖਰੇ ਪਿੰਡ ਦੇ ਪੰਡਤ ਕ੍ਰਿਸ਼ਨ ਲਾਲ ਨੂੰ ਗੁਰੂ ਜੀ ਦੀ ਛੁਟੇਰੀ ਉਮਰ ਤੇ ਵੰਡੇਰੀ ਅਧਿਆਤਮਕ ਉਚਤਾ ‘ਤੇ ਸ਼ੱ-ਕ ਹੋਇਆ। ਜਾਤੀ ਅਭਿਮਾਨ ਤੇ ਵਿਦਿਆ ਦੇ ਹੰ-ਕਾਰ ਵਿਚ ਗੜੂਦ ਪੰਡਤ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਨਾਮ ਤਾਂ ਤੁਹਾਡਾ ‘ਭਗਵਾਨ ਕ੍ਰਿਸ਼ਨ’ ਵਾਂਗ ‘ਹਰਿ ਕ੍ਰਿਸ਼ਨ’ ਹੈ, ਕੀ ਤੁਸੀਂ ਭਗਵਾਨ ਕ੍ਰਿਸ਼ਨ ਦੀ ‘ਗੀਤਾ’ ਬਾਰੇ ਕੁਝ ਜਾਣਦੇ ਹੋ? ਪੰਡਤ ਦੇ ਹੰਕਾਰ ਨੂੰ ਨਵਿਰਤ ਕਰਨ ਲਈ ਗੁਰੂ ਜੀ ਨੇ ‘ਛੱਜੂ’ ਨਾਮ ਦੇ ਸਧਾਰਨ ਮਨੁੱਖ ਨੂੰ ਗੀਤਾ ਸਬੰਧੀ ਵਿਖਿਆਨ ਦੇਣ ਦਾ ਆਦੇਸ਼ ਕੀਤਾ। ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ‘ਛੱਜੂ’ ਨੇ ਗੀਤਾ ਦਾ ਤੱਤ-ਸਾਰ ਚੰਦ ਸ਼ਬਦਾਂ ਵਿਚ ਬਿਆਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਸਭ ਦੇਖ ਪੰਡਤ ਦੇ ਹੰ-ਕਾਰ ਰੂਪੀ ਅਗਿਆਨ ਦੀ ਨਵਿਰਤੀ ਹੋਈ ਤੇ ਉਹ ਸਿੱਖੀ ਮੰਡਲ ਵਿਚ ਆਇਆ। ਗੁਰਦੇਵ ਇਸ ਅਸਥਾਨ ‘ਤੇ ਕੁਝ ਸਮਾਂ ਰੁਕੇ ਤੇ ਜਗਤ-ਜਲੰਦੇ ਨੂੰ ‘ਗੁਰਮਤਿ ਗਿਆਨ’ ਦ੍ਰਿੜ੍ਹ ਕਰਵਾਉਂਦੇ ਰਹੇ।ਇਸ ਇਤਿਹਾਸਕ ਅਸਥਾਨ ਤੋਂ ਦਿੱਲੀ ਨੂੰ ਜਾਣ ਸਮੇਂ ਗੁਰੂ ਜੀ ਨੇ ਕੁਝ ਸਿੱਖ ਸੇਵਕਾਂ ਨੂੰ ਛੱਡ, ਬਾਕੀ ਸੰਗਤ ਨੂੰ ਵਾਪਸ ਕੀਰਤਪੁਰ ਜਾਣ ਦਾ ਹੁਕਮ ਕੀਤਾ। ਗੁਰੂ ਜੀ ਦੀ ਆਮਦ ਦੀ ਯਾਦਗਾਰ ਵਜੋਂ ਪ੍ਰੇਮੀਆਂ ਵੱਲੋਂ ਇਤਿਹਾਸਕ ਅਸਥਾਨ ਦਾ ਨਿਰਮਾਣ ਕਰਵਾਇਆ ਗਿਆ। ਸਿੱਖ ਰਾਜ-ਕਾਲ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ। ਸੰਗਤਾਂ ਦੇ ਸਹਿਯੋਗ ਨਾਲ ਬਣੀ ਆਲੀਸ਼ਾਨ ਇਮਾਰਤ ਅਤੇ ਸੁੰਦਰ ਸਰੋਵਰ ਸ਼ੋਭਨੀਕ ਹੈ। ਹਜ਼ਾਰਾਂ ਸ਼ਰਧਾਲੂ ਸ਼ਰਧਾ-ਸਤਿਕਾਰ ਭੇਂਟ ਕਰਨ ਗੁਰੂ ਦਰਬਾਰ ਵਿਚ ਰੋਜ਼ਾਨਾ ਹਾਜ਼ਰ ਹੁੰਦੇ ਹਨ। ਇਸ ਪਾਵਨ ਗੁਰਦੁਆਰੇ ਵਿਖੇ ਪਹਿਲੀ-ਪੰਜਵੀਂ, ਅਠਵੀਂ, ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ, ਸਾਲਾਨਾ ਜੋੜ-ਮੇਲਾ ਤੇ ਖਾਲਸੇ ਦਾ ਸਿਰਜਣਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਹ ਇਤਿਹਾਸਕ ਅਸਥਾਨ ਤਹਿਸੀਲ/ਜ਼ਿਲ੍ਹਾ ਅੰਬਾਲਾ(ਹਰਿਆਣਾ) ਵਿਚ ਅੰਬਾਲਾ-ਨਰੈਣਗੜ੍ਹ ਰੋਡ ‘ਤੇ ਅੰਬਾਲਾ ਰੇਲਵੇ ਸਟੇਸ਼ਨ ਤੋਂ ੧੦ ਕਿਲੋਮੀਟਰ ‘ਤੇ ਪੰਜੋਖਰਾ ਪਿੰਡ ਵਿਚ, ਪੰਜੋਖਰਾ ਬੱਸ ਸਟੈਂਡ ਤੋਂ ½ ਕਿਲੋਮੀਟਰ ਦੀ ਦੂਰੀ ‘ਤੇ ਸ਼ੋਭਨੀਕ ਹੈ। ਯਾਤਰੂਆਂ ਦੀ ਟਹਿਲ ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ, ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਵਧੇਰੇ ਜਾਣਕਾਰੀ 0171-866105 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
