ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ਲਈ ਸੰਗਤਾਂ ਨੇ ਕਰਵਾਈ ਵੱਡੀ ਸੇਵਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ਲਈ ਸੰਗਤਾਂ ਨੇ ਕਰਵਾਈ ਵੱਡੀ ਸੇਵਾ ”ਹਲਕਾ ਉੜਮੁੜ ਟਾਂਡਾ ਦੀ ਸੰਗਤ ਵੱਲੋਂ ਲੰਗਰ ਲਈ ਭੇਜੀ ਗਈ 1965 ਕੁਇੰਟਲ ਕਣਕ –ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਹਲਕਾ ਟਾਂਡਾ ਤੋਂ ਸ. ਅਰਵਿੰਦਰ ਸਿੰਘ ਰਸੂਲਪੁਰ ਅਤੇ ਸ. ਕਮਲਜੀਤ ਸਿੰਘ ਕੁਲਾਰ ਰਸੂਲਪੁਰ ਯੂਥ ਅਕਾਲੀ ਆਗੂ ਦੀ ਅਗਵਾਈ ਵਿਚ ਸੰਗਤਾਂ 223 ਕੁਇੰਟਲ ਕਣਕ ਲੈ ਕੇ ਪੁੱਜੀਆਂ। ਜ਼ਿਕਰਯੋਗ ਹੈ ਕਿ ਹਲਕਾ ਉੜਮੁੜ ਟਾਂਡਾ ਦੀ ਸੰਗਤ ਵੱਲੋਂ ਪਹਿਲਾਂ ਵੀ ਵੱਡੀ ਪੱਧਰ ’ਤੇ ਕਣਕ ਸੇਵਾ ਭੇਜੀ ਗਈ ਹੈ। ਹਲਕੇ ਦੀ ਸੰਗਤ ਵੱਲੋਂ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਲਈ ਕੁਲ 1965 ਕੁਇੰਟਲ ਕਣਕ ਭੇਟ ਕੀਤੀ ਗਈ ਹੈ। ਕਣਕ ਲੈ ਕੇ ਪੁੱਜੇ ਸ. ਕਮਲਜੀਤ ਸਿੰਘ ਰਸੂਲਪੁਰ, ਸ. ਪ੍ਰਮਿੰਦਰ ਸਿੰਘ ਸਰਪੰਚ, ਸ. ਪ੍ਰਭਦੀਪ ਸਿੰਘ ਚੌਹਾਨ, ਸ੍ਰੀ ਲੱਖੀ ਰਾਏ ਅਤੇ ਸ਼ਖ਼ਸੀਅਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਤੇ ਸ. ਨਿਸ਼ਾਨ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਕਮਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਗੁਰੂ ਕੇ ਲੰਗਰ ਲਈ ਕਣਕ ਭੇਜਣ ਵਾਸਤੇ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ। ਉਨ੍ਹਾਂ ਕਣਕ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਹਲਕਾ ਟਾਂਡਾ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਜਥੇਦਾਰ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਹਲਕਾ ਜ਼ੀਰਾ ਦੀ ਸੰਗਤ ਵੱਲੋਂ 1229 ਕੁਇੰਟਲ ਕਣਕ ਭੇਟ ਹਲਕਾ ਜ਼ੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਅਵਤਾਰ ਸਿੰਘ ਜ਼ੀਰਾ ਸਿੰਘ ਦੀ ਅਗਵਾਈ ਵਿਚ ਹਲਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ 1229 ਕੁਇੰਟਲ ਕਣਕ ਭੇਜ ਕੇ ਸ਼ਰਧਾ ਪ੍ਰਗਟਾਈ ਗਈ। ਕਣਕ ਲੈ ਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ ਅਤੇ ਹੋਰ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਸੁਖਬੀਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ ਤੇ ਸ. ਨਿਸ਼ਾਨ ਸਿੰਘ ਨੇ ਸਨਮਾਨਿਤ ਕੀਤਾ। ਸ. ਬੂਹ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਜ਼ੀਰਾ ਦੀ ਪ੍ਰੇਰਣਾ ਨਾਲ ਹਲਕੇ ਦੀ ਸੰਗਤ ਵੱਲੋਂ ਸਾਂਝੇ ਤੌਰ ’ਤੇ ਇਹ ਕਣਕ ਇਕੱਤਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਵਿਚ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ, ਜਿਸ ਸਦਕਾ ਉਹ ਆਪ ਮੁਹਾਰੇ ਕਣਕ ਅਤੇ ਹੋਰ ਰਸਦਾਂ ਭੇਜ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਖਦੇਵ ਸਿੰਘ, ਸ. ਲਖਵਿੰਦਰ ਸਿੰਘ ਨਿੱਜੀ ਸਹਾਇਕ ਜਥੇਦਾਰ ਜ਼ੀਰਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *