ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿਚ ਲਗਾਏ ਬੂਟਿਆਂ ’ਚ ਕੀਤਾ ਵਾਧਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪਰਕਰਮਾਂ ਵਿਚ 23 ਮਈ ਨੂੰ ਵੱਡ-ਅਕਾਰੀ ਬੂਟੇ ਲਗਾਏ ਜਾਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਰਜ ਦੀ ਜ਼ੁੰਮੇਵਾਰੀ ਵਾਤਾਵਰਨ ਪ੍ਰੇਮੀ ਪ੍ਰਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਦਿੱਤੀ ਗਈ ਹੈ। ਬੂਟੇ ਲਗਾਉਣ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ ਜਦਕਿ ਇਸ ਮੌਕੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹਿਣਗੀਆਂ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਅੰਦਰ ਵੱਧ ਤੋਂ ਵੱਧ ਹਰਿਆਵਲ ਪੈਦਾ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਤੌਰ ’ਤੇ ਗੁਰੂ ਕੇ ਬਾਗ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਇਥੇ ਰਵਾਇਤੀ ਕਿਸਮ ਦੇ ਬੂਟਿਆਂ ਤੋਂ ਇਲਾਵਾ ਫੁੱਲ ਅਤੇ ਫਲਾਂ ਵਾਲੇ ਪੌਦੇ ਵੀ ਲਗਾਏ ਗਏ ਹਨ। ਅੰਬ, ਚੋਰਸੀਆ, ਕੇਸੀਆ, ਸੀਏਮਾ, ਬੋਹੀਨੀਆ, ਬਲੈਕੀਨਾ, ਚਕਰੇਸੀਆ, ਚੰਦਨ, ਨਿੰਮ, ਅੰਜੀਰ, ਆੜੂ, ਅਖਰੋਟ, ਬਦਾਮ, ਰੀਠਾ, ਕਾਲਾ ਅਮਰੂਦ, ਸੰਤਰਾ, ਚੀਲ ਆਦਿ ਵਿਸ਼ੇਸ਼ ਹਨ। ਇਥੇ 486 ਕਿਸਮ ਦੇ ਗੁਲਾਮ ਵੀ ਖੇੜਾ ਵੰਡ ਰਹੇ ਹਨ। ਹਾਲ ਹੀ ਵਿਚ ਹਰੜ ਤੇ ਜਾਮੁਨ ਆਦਿ ਦੇ ਬੂਟੇ ਵੀ ਲਗਾਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਵੱਡੇ ਗਮਲਿਆਂ ਅੰਦਰ ਵੀ ਬੂਟੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਗਮਲਿਆਂ ’ਚ ਅੱਜ ਹੋਰ ਅੰਬ ਦੇ ਬੂਟੇ ਲਗਾਏ ਗਏ ਹਨ। ਮੁੱਖ ਸਕੱਤਰ ਅਨੁਸਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਦੀ ਪਰਕਰਮਾਂ ਵਿਚ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਤਹਿਤ ਹੀ ਹੁਣ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪਰਕਰਮਾਂ ਵਿਚ 23 ਮਈ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੌਜੂਦਗੀ ਵਿਚ ਬੂਟੇ ਲਗਾਏ ਜਾਣਗੇ। ਮੰਤਵ ਇਹ ਹੈ ਕਿ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਸ਼ੁੱਧ ਵਾਤਾਵਰਨ ਮਿਲੇ ਅਤੇ ਪਰਕਰਮਾਂ ਕਰਦਿਆਂ ਤਪਸ਼ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਬੂਟਿਆਂ ਲਈ ਵੱਡ-ਅਕਾਰੀ ਟੋਏ ਬਣਾਏ ਗਏ ਹਨ। ਜਲਦ ਹੀ ਹੋਰਨਾਂ ਗੁਰਦੁਆਰਾ ਸਾਹਿਬਾਨ ਅੰਦਰ ਵੀ ਬੂਟੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਗਮਲਿਆਂ ਅੰਦਰ ਬੂਟੇ ਲਗਾਉਣ ਸਮੇਂ ਡਾ. ਰੂਪ ਸਿੰਘ ਤੋਂ ਇਲਾਵਾ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸਕੱਤਰ ਸਿੰਘ ਤੇ ਸ. ਗੁਰਮੀਤ ਸਿੰਘ ਬੁੱਟਰ, ਮੈਨੇਜਰ ਸ. ਮੁਖਤਾਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਾਲ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਆਦਿ ਮੌਜੂਦ ਸਨ। ਫੋਟੋ ਕੈਪਸ਼ਨ : ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਗਮਲਿਆ ਅੰਦਰ ਅੰਬ ਦੇ ਬੂਟੇ ਲਗਾਉਣ ਸਮੇਂ ਡਾ. ਰੂਪ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਮੁਖਤਾਰ ਸਿੰਘ ਅਤੇ ਹੋਰ।

Leave a Reply

Your email address will not be published. Required fields are marked *