Home / ਸਿੱਖੀ ਖਬਰਾਂ / ਸਰੋਵਰ ਚ ਸੱਚੇ ਦਿਲੋਂ ਇਸ਼ਨਾਨ ਕਰਨ ਦੀ ਕੀ ਮਹੱਤਤਾ ਹੈ

ਸਰੋਵਰ ਚ ਸੱਚੇ ਦਿਲੋਂ ਇਸ਼ਨਾਨ ਕਰਨ ਦੀ ਕੀ ਮਹੱਤਤਾ ਹੈ

ਸਰੋਵਰ ਚ ਸੱਚੇ ਦਿਲੋਂ ਇਸ਼ਨਾਨ ਕਰਨ ਦੀ ਕੀ ਮਹੱਤਤਾ ਹੈ ”ਸਰੋਵਰ ਤੇ ਆਸਥਾ ”ਸਿੱਖ-ਧਰਮ ਵਿਚ ਗੁਰੂ ਦੀ ਸ਼ਰਣ ਵਿਚ ਆ ਕੇ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਪ੍ਰਵਾਨਿਤ ਹੈ । ਇਸ ਲਈ ਗੁਰੂ-ਧਾਮਾਂ ਨਾਲ ਸਰੋਵਰ ਬਣਾਉਣ ਦੀ ਲੰਬੀ ਪਰੰਪਰਾ ਹੈ । ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਬਾਉਲੀ ਦੀ ਉਸਾਰੀ ਕਰਵਾ ਕੇ ਹਿੰਦੂ ਧਰਮ ਦੇ ਸਮਾਨਾਂਤਰ ਉਪਚਾਰਕ ਤੀਰਥ ਦੀ ਥਾਂ’ ਤੇ ਵਾਸਤਵਿਕ ਤੀਰਥ ਜਾਂ ਇਸ਼ਨਾਨ-ਗ੍ਰਿਹ ਬਣਾਉਣ ਦੀ ਵਿਵਸਥਾ ਕੀਤੀ ਤਾਂ ਜੋ ਸਿੱਖ ਅਤੇ ਗੁਰੂ ਦਾ ਸੰਬੰਧ ਸੱਚੇ ਅਰਥਾਂ ਵਿਚ ਪ੍ਰਗਟ ਹੋ ਸਕੇ ।

ਗੁਰੂ ਰਾਮਦਾਸ ਜੀ ਨੇ ਹਰਿਮੰਦਿਰ ਸਾਹਿਬ ਦੇ ਨਾਲ ਸਰੋਵਰ ਬਣਵਾ ਕੇ ਨਾਮ-ਸਾਧਨਾ ਵਿਚ ਮਗਨ ਜਿਗਿਆਸੂਆਂ ਲਈ ਭਵਸਾਗਰ ਤਰਨ ਦੀ ਸਥਾਈ ਵਿਵਸਥਾ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਦੇ ਤਰਨ ਲਈ ਤਰਨਤਾਰਨ ਗੁਰੂ-ਧਾਮ ਅਤੇ ਸਰੋਵਰ ਦੀ ਵਿਵਸਥਾ ਕੀਤੀ । ਪਰਵਰਤੀ ਕਾਲ ਵਿਚ ਇਸ ਤਰ੍ਹਾਂ ਦੀ ਇਕ ਪਰੰਪਰਾ ਹੀ ਚਲ ਪਈ । ਹੁਣ ਮੁੱਖ ਮੁੱਖ ਇਤਿਹਾਸਿਕ ਗੁਰੂ-ਧਾਮਾਂ ਨਾਲ ਸਰੋਵਰ ਬਣੇ ਹੋਏ ਹਨ ਅਤੇ ਜੋ ਗੁਰੂ-ਧਾਮ ਦਰਿਆਵਾਂ ਦੇ ਕੰਢੇ ਉਤੇ ਸਥਿਤ ਹਨ , ਉਥੇ ਨਦੀਆਂ ਹੀ ਸਰੋਵਰ ਦੀ ਸਥਾਨ-ਪੂਰਤੀ ਕਰਦੀਆਂ ਹਨ ।ਸਰੋਵਰ ਦਾ ਸਿੱਖ-ਧਰਮ ਵਿਚ ਇਸ ਪੱਖੋਂ ਵੀ ਮਹੱਤਵ ਹੈ ਕਿ ਜਿਗਿਆਸੂਆਂ ਦੁਆਰਾ ਪਹਿਲਾਂ ਕਾਇਆ ਨੂੰ ਸਵੱਛ ਕਰਕੇ ਹੀ ਧਰਮ-ਧਾਮ ਵਿਚ ਪ੍ਰਵੇਸ਼ ਕਰਨਾ ਉਚਿਤ ਹੈ । ਇਸ ਮੰਤਵ ਦੀ ਪੂਰਤੀ ਲਈ ਸਰੋਵਰ ਜਨ- ਸਮੂਹ ਦੇ ਇਸ਼ਨਾਨ ਲਈ ਇਕ ਸਰਵ-ਸੁਲਭ ਸਾਧਨ ਹੈ । ਪਰ ਸ਼ਰਤ ਇਹੋ ਹੈ ਕਿ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਹੀ ਫਲੀਭੂਤ ਹੁੰਦਾ ਹੈ— ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ । ( ਗੁ.ਗ੍ਰੰ.611 ) । ਸਰੋਵਰ ਦੀ ਪਵਿੱਤਰਤਾ ਅਕਸਰ ਉਸ ਜਗ੍ਹਾ ਨਾਲ ਸੰਬੰਧਿਤ ਹੁੰਦੀ ਹੈ ਜਿਥੇ ਇਹ ਸਥਿਤ ਹੁੰਦਾ ਹੈ । ਇਹ ਇਕ ਇਸ਼ਨਾਨ ਕਰਨ ਦੀ ਜਗ੍ਹਾ ਹੈ ਜਿਥੇ ਇਸ਼ਨਾਨ ਕਰਨ ਦੀ ਧਾਰਮਿਕ ਮਹੱਤਤਾ ਹੁੰਦੀ ਹੈ । ਸਰੋਵਰ ਦਾ ਭਾਵ ਹੈ ਕਿ ਇਥੇ ਪਾਣੀ ਭਾਰੀ ਮਾਤਰਾ ਵਿਚ ਹੁੰਦਾ ਹੈ ਜਿਸਦਾ ਜ਼ਿਕਰ ਰਿਗ-ਵੇਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤਕ ਭਾਰਤ ਦੇ ਧਾਰਮਿਕ ਇਤਿਹਾਸ ਵਿਚ ਮਿਲਦਾ ਹੈ । ਭਾਵੇਂ ਕਿ ਸ਼ਬਦ ਸਰੋਵਰ ਦਾ ਆਮ ਤੌਰ ਤੇ ਪਵਿੱਤਰ ਤਲਾਅ ਤੋਂ ਭਾਵ ਹੈ ਜਿਹੜਾ ਕਿ ਕਿਸੇ ਪਵਿੱਤਰ ਥਾਂ ਤੇ ਸਥਿਤ ਹੈ ਜਿਥੇ ਇਸ਼ਨਾਨ ਅਤੇ ਦੀਕਸ਼ਾ ਦਿੱਤੀ ਜਾਂਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਪ੍ਰਤੀਕਾਤਮਿਕ ਅਰਥਾਂ ਵਿਚ ਵੀ ਵਰਤਿਆ ਗਿਆ ਹੈ ਜਿਸਦਾ ਅਰਥ ਗੁਰੂ ਜਾਂ ਸਾਧ ਸੰਗਤ ਹੈ । ਉਦਾਹਰਨ ਦੇ ਤੌਰ ਤੇ ਪੰਗਤੀਆਂ ਇਸ ਪ੍ਰਕਾਰ ਹਨ : ‘ ਗੁਰੁ ਸਰਵਰੁ ਹਮ ਹੰਸ ਪਿਆਰੇ`( ਗੁ.ਗ੍ਰੰ. 1027 ) , ‘ ਗੁਰੁ ਸਰਵਰੁ ਮਾਨਸਰੋਵਰੁ ਹੈ ਵਡਭਾਗੀ ਪੁਰਖ ਲਹੰਨਿ` ( ਗੁ.ਗ੍ਰੰ. 757 ) ,ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ( ਗੁ.ਗ੍ਰੰ. 1198 ) ਪਵਿੱਤਰ ਸਰੋਵਰ ਅਤੇ ਇਸ਼ਨਾਨ ਦੀ ਪਵਿੱਤਰਤਾ ਸਿੱਖ ਪਰੰਪਰਾ ਵਿਚ ਏਨੀ ਮਹੱਤਵਪੂਰਨ ਹੈ ਕਿ ਸਵੇਰ ਅਤੇ ਸ਼ਾਮ ਦੀ ਅਰਦਾਸ ਵਿਚ ਅਸ਼ੀਰਵਾਦ ਮੰਗੀ ਜਾਂਦੀ ਹੈ ਅਤੇ ਵਿਸ਼ਵਾਸ ਭਰਪੂਰ ਸੇਵਕਾਂ ਨੂੰ ਸ੍ਰੀ ਅੰਮ੍ਰਿਤਸਰ ਜੀਓ ਕੇ ਦਰਸ਼ਨ ਇਸ਼ਨਾਨ ਦਾ ਆਦੇਸ਼ ਦਿੱਤਾ ਜਾਂਦਾ ਹੈ । ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਸਿੱਖ ਧਰਮ ਲਈ ਤਿੰਨ ਕੀਮਤੀ ਵਸਤਾਂ ਦਾ ਜਿਕਰ ਕਰਦੇ ਹੋਏ ਪਵਿੱਤਰ ਇਸ਼ਨਾਨ ਨੂੰ ਵੀ ਸ਼ਾਮਲ ਕਰਦੇ ਹਨ : ਨਾਮ , ਦਾਨ ਅਤੇ ਇਸ਼ਨਾਨ ।

error: Content is protected !!