Home / ਸਿੱਖੀ ਖਬਰਾਂ / ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ

ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ

ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਇਹ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ। ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੱਘੇ ਰੰਧਾਵੇ ਦੇ ਘਰ, ਮਾਤਾ ਗੌਰਾਂ ਦੇ ਉਦਰ ਤੋਂ 7 ਕੱਤਕ ਸੰਮਤ 1513 (6 ਅਕਤੂਬਰ, 1507 ਈ:) ਨੂੰ ਕੱਥੂਨੰਗਲ ਵਿਖੇ ਹੋਇਆ। ਬਾਬਾ ਬੁੱਢਾ ਜੀ ਦੇ ਬਜ਼ੁਰਗਵਾਰ ਵਰਖਾ ਨਾ ਹੋਣ ਕਾਰਨ, ਆਪਣਾ ਮਾਲ-ਡੰਗਰ ਲੈ ਕੇ ਦਰਿਆ ਰਾਵੀ ਦੇ ਕਿਨਾਰੇ (ਰਾਮਦਾਸ ਨਗਰ) ਵੱਸ ਗਏ। ਇਥੇ ਹੀ ਬਾਬਾ ਬੁੱਢਾ ਜੀ ਦਾ ਮਿਲਾਪ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਦੇ ਨਾਲ ਹੋਇਆ ਤੇ ਗੁਰਸਿੱਖੀ ਧਾਰਨ ਕੀਤੀ। ਬਾਬਾ ਬੁੱਢਾ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ-ਘਰ ਨੂੰ ਸਮਰਪਿਤ ਕਰ ਦਿਤਾ ਤੇ ਗੁਰੂ-ਘਰ ਵਿਚ ਇਕ ਸਤਿਕਾਰਯੋਗ ਬਜ਼ੁਰਗ ਦਾ ਰੁਤਬਾ ਪ੍ਰਾਪਤ ਕੀਤਾ। ਬਾਬਾ ਬੁੱਢਾ ਜੀ ਨੂੰ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਦੀ ਮਰਯਾਦਾ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ ਹਾਸਲ ਹੋਇਆ। ਪ੍ਰੇਮੀ ਗੁਰਸਿੱਖਾਂ ਗੁਰੂ-ਘਰ ਦੇ ਪ੍ਰੀਤਵਾਨ-ਅਨਿਨ ਸਿੱਖ ਬਾਬਾ ਬੁੱਢਾ ਜੀ ਦੇ ਜਨਮ ਨਗਰ ਕੱਥੂਨੰਗਲ ਵਿਖੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਇਸ ਗੁਰੂ-ਘਰ ਦੀ ਸੇਵਾ-ਸੰਭਾਲ ਪਹਿਲਾਂ ਨਗਰ ਨਿਵਾਸੀ ਇਕ ਕਮੇਟੀ ਦੇ ਰੂਪ ਵਿਚ ਕਰਦੇ ਸਨ। 26-07-1999 ਨੂੰ ਗੁਰਦੁਆਰਾ ਕਮੇਟੀ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿਤਾ। ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣੀ ਹੋਈ ਹੈ ਤੇ ਨਾਲ ਸੁੰਦਰ ਸਰੋਵਰ ਹੈ। ਇਸ ਗੁਰੂ-ਘਰ ਵਿਖੇ ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ, ਵਿਸਾਖੀ ਤੇ ਬਾਬਾ ਬੁੱਢਾ ਜੀ ਦਾ ਜਨਮ ਦਿਨ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਹਰ ਪੂਰਨਮਾਸ਼ੀ ਨੂੰ ਵੱਡੀ ਗਿਣਤੀ ਵਿਚ ਗੁਰਸਿੱਖ ਗੁਰਮਤਿ ਗਿਆਨ ਦੀ ਰੋਸ਼ਨੀ ਪ੍ਰਾਪਤ ਕਰਨ ਆਉਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਵੀ 15 ਕਮਰੇ ਬਣੇ ਹੋਏ ਹਨ। ਇਹ ਅਸਥਾਨ ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਤੇ ਬਟਾਲੇ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਕਥੂਨੰਗਲ ਦੇ ਬਾਹਰਵਾਰ ਸਥਿਤ ਹੈ। ਵਧੇਰੇ ਜਾਣਕਾਰੀ 0187-763888 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

error: Content is protected !!