ਗੁਰੂ ਨਗਰੀ ਵਿੱਚ ਕੱਲ ਤੋਂ ਖੁੱਲਣਗੇ ਇਹ ਬਾਜ਼ਾਰ

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਦੇ ਨਿਵਾਸ ਸਥਾਨ ਵਿਖੇ ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਵਪਾਰੀਆਂ ਦੀ ਮੰਗ ਅਨੁਸਾਰ ਹੋਲ ਸੇਲ ਬਾਜਾਰ ਪਹਿਲਾਂ ਹੀ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੋਲ ਦਿੱਤੇ ਗਏ ਸਨ ਅਤੇ ਹੁਣ ਵਪਾਰੀਆਂ ਦੀ ਮੰਗ ਅਨੁਸਾਰ ਹੀ ਪ੍ਰਚੂਨ ਵਿਕਰੇਤਾ ਸਵੇਰੇ 10:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ ਸਕਣਗੇ। ਸ੍ਰੀ ਸੋਨੀ ਨੇ ਦੱਸਿਆ ਕਿ ਚੌੜੀਆਂ ਸੜ੍ਹਕਾਂ ‘ਤੇ ਇਕ ਦਿਨ ਸੱਜਾ ਪਾਸਾ ਅਤੇ ਇਕ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਖੁਲਣਗੀਆਂ। ਉਨਾਂ ਦੱਸਿਆ ਕਿ ਭੀੜੇ ਬਾਜਾਰਾਂ ਨੂੰ ਤਿੰਨ ਜੋਨਾ ਵਿੱਚ ਵੰਡਿਆ ਗਿਆ ਹੈ ਅਤੇ ਇਨਾਂ ਜੋਨਾਂ ਵਿਚ ਇਕ ਦਿਨ ਏ ਜੋਨਾਂ ਦੀਆਂ ਦੁਕਾਨਾਂ, ਦੂਜੇ ਦਿਨ ਬੀ ਜੋਨਾਂ ਦੀਆਂ ਦੁਕਾਨਾਂ ਅਤੇ ਤੀਜੇ ਦਿਨ ਸੀ ਜੋਨਾਂ ਦੀਆਂ ਦੁਕਾਨਾਂ ਖੁਲਣਗੀਆਂ। ਸ੍ਰੀ ਸੋਨੀ ਨੇ ਵਪਾਰੀਆਂ ਨੂੰ ਕਿਹਾ ਕਿ ਸਰਕਾਰ ਤੁਹਾਡੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੁਰੱਖਿਆ, ਖੁਸ਼ਹਾਲੀ ਅਤੇ ਫਿਰ ਵਪਾਰ ਹੈ। ਉਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਹੋਣ ਦੇਣ। ਡਿਪਟੀ ਕਮਿਸ਼ਨਰ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਸ਼ੋਸ਼ਲ ਡੀਸਟੈਂਸ ਦਾ ਪੂਰਾ ਖਿਆਲ ਰੱਖਣ ਅਤੇ ਦੁਕਾਨ ਉਤੇ ਕੰਮ ਕਰ ਰਹੇ ਸਾਰੇ ਵਰਕਰ, ਮਾਲਕ ਮਾਸਕ ਜ਼ਰੂਰ ਲਗਾਉਣ ਅਤੇ ਉਨਾਂ ਗ੍ਰਾਹਕਾਂ ਨੂੰ ਹੀ ਦੁਕਾਨ ਦੇ ਅੰਦਰ ਆਉਣ ਦੇਣ ਜਿਨਾਂ ਵਲੋਂ ਮਾਸਕ ਲਗਾਏ ਹੋਣ। ਉਨਾਂ ਕਿਹਾ ਕਿ ਹਰੇਕ ਦੁਕਾਨਦਾਰ ਨੂੰ ਸੈਨੀਟਾਈਜ਼ਰ ਦਾ ਇਸਤੇਮਾਲ ਵੀ ਜ਼ਰੂਰ ਕਰਨ। ਜਾਣਕਾਰੀ ਅਨੁਸਾਰ ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਵਪਾਰੀਆਂ ਨੂੰ ਦੱਸਿਆ ਕਿ ਸੈਲੂਨ, ਜਿਮ, ਮਾਲ, ਸਪਾ, ਬਿਊਟੀ ਪਾਰਲਰ, ਵਰਗੀਆਂ ਦੁਕਾਨਾਂ ਬਿਲਕੁਲ ਨਹੀਂ ਖੁਲਣਗੀਆਂ ਅਤੇ ਨਾ ਹੀ ਦੁਕਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਇਕੱਠ ਕਰਨ ਦੀ ਇਜਾਜਤ ਹੋਵੇਗੀ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸਾਸਨ ਨੂੰ ਪੂਰਾ ਸਹਿਯੋਗ ਦੇਣ । ਉਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਉਲੰਘਣਾ ਹੋਣ ਤੇ ਇਹ ਛੋਟ ਵਾਪਸ ਵੀ ਲਈ ਜਾ ਸਕਦੀ ਹੈ। ਦੱਸ ਦਈਏ ਕਿ ਇਸ ਮੌਕੇ ਪੰਜਾਬ ਵਪਾਰ ਮੰਡਲ ਵਲੋਂ ਸ੍ਰੀ ਸੋਨੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਿਆਰਾ ਲਾਲ ਸੇਠ, ਸ੍ਰੀ ਸਮੀਰ ਜੈਨ, ਸ੍ਰੀ ਧਰਮਵੀਰ ਸਰੀਨ, ਰਵੀ ਕਾਂਤ, ਸ੍ਰੀ ਚਰਨਜੀਤ ਅਰੋੜਾ, ਸ੍ਰੀ ਵਜ਼ੀਰ ਚੰਦ, ਸ੍ਰੀ ਸੁਰਿੰਦਰ ਦੁੱਗਲ, ਸ੍ਰੀ ਪੰਕਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰ ਮੰਡਲ ਦੇ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *