ਦਰਸ਼ਨ ਕਰੋ ਤੇ ਇਤਿਹਾਸ ਜਾਣੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ

ਦਰਸ਼ਨ ਕਰੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ‘ਡੇਰਾ ਬਾਬਾ ਨਾਨਕ ( ਨਗਰ ) : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਨਗਰ ਜੋ ਰਾਵੀ ਨਦੀ ਦੇ ਖੱਬੇ ਕੰਢੇ ਉਤੇ ਸਥਿਤ ਹੈ । ਸਿੱਖ ਇਤਿਹਾਸ ਅਤੇ ਜਨਮਸਾਖੀ ਸਾਹਿਤ ਅਨੁਸਾਰ ਗੁਰੂ ਨਾਨਕ ਦੇਵ ਜੀ ਇਕ ਉਦਾਸੀ ਤੋਂ ਬਾਦ ਇਸ ਸਥਾਨ ਉਤੇ ਬਣੇ ਇਕ ਖੂਹ ਕੋਲ ਆ ਬੈਠੇ ।
ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਿੰਡ ਪੱਖੋਕੇ ਰੰਧਾਵੇ ਦੇ ਚੌਧਰੀ ਅਜਿਤੇ ਰੰਧਾਵੇ ਦਾ ਸੀ । ਗੁਰੂ ਜੀ ਨੂੰ ਆਇਆ ਸੁਣ ਕੇ ਉਸ ਇਲਾਕੇ ਦੇ ਲੋਗ ਦਰਸ਼ਨਾਂ ਲਈ ਆਉਣੇ ਸ਼ੁਰੂ ਹੋ ਗਏ । ਅਜਿਤਾ ਰੰਧਾਵਾ ਵੀ ਆਇਆ ਅਤੇ ਬੇਨਤੀ ਕੀਤੀ ਗੁਰੂ ਜੀ! ਪੱਖੋਕੇ ਜਾਂ ਇਸ ਦੇ ਨੇੜੇ ਤੇੜੇ ਹੀ ਆਪਣਾ ਸਥਾਈ ਨਿਵਾਸ ਬਣਾ ਲਵੋ । ਗੁਰੂ ਜੀ ਦੀ ਆਗਿਆ ਨਾਲ ਭਾਈ ਦੋਦਾ ਅਤੇ ਭਾਈ ਦੁਨੀ ਚੰਦ ( ਕਰੋੜੀ ਮੱਲ ) ਨੇ ਸੰਨ 1504 ਈ. ਵਿਚ ਰਾਵੀ ਦੇ ਸੱਜੇ ਕੰਢੇ ਉਤੇ ‘ ਕਰਤਾਰਪੁਰ ’ ਨਗਰ ਵਸਾਇਆ । ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਤੋਂ ਬਾਦ ਸੰਨ 1522 ਈ. ਵਿਚ ਉਥੇ ਪਕੀ ਰਿਹਾਇਸ਼ ਰਖ ਲਈ । ਇਸ ਨਗਰ ਵਿਚ ਲਗਭਗ 18 ਵਰ੍ਹੇ ਨਿਵਾਸ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਬਖ਼ਸ਼ ਕੇ ਸੰਨ 1539 ਈ. ਵਿਚ ਮਹਾ ਪ੍ਰਸਥਾਨ ਕੀਤਾ । ਉਥੇ ਹੀ ਗੁਰੂ ਜੀ ਦਾ ਸਸਕਾਰ ਕੀਤਾ ਗਿਆ । ਪਰ ਕੁਝ ਸਮੇਂ ਬਾਦ ਉਸ ਨਗਰ ਨੂੰ ਰਾਵੀ ਨਦੀ ਵਿਚ ਆਉਂਦੇ ਹ-ੜ੍ਹਾਂ ਨੇ ਰੋੜ੍ਹ ਲਿਆ । ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਉਦਮ ਕਰਕੇ ਗੁਰੂ ਨਾਨਕ ਦੇਵ ਜੀ ਦਾ ਨਵਾਂ ਦੇਹਰਾ ਰਾਵੀ ਦਰਿਆ ਦੇ ਉਰਲੇ ਕੰਢੇ ਅਜਿਤੇ ਰੰਧਾਵੇ ਦੇ ਖੂਹ ਕੋਲ ਬਣਵਾਇਆ । ਬਾਦ ਵਿਚ ਬਾਬਾ ਲਖਮੀ ਦਾਸ ਦੇ ਸੁਪੁੱਤਰ ਬਾਬਾ ਧਰਮ ਦਾਸ ਨੇ ਉਥੇ ਜੋ ਨਗਰ ਵਸਾਇਆ , ਉਸ ਦਾ ਨਾਂ ਡੇਰਾ ਬਾਬਾ ਨਾਨਕ ( ਦੇਹਰਾ ਬਾਬਾ ਨਾਨਕ ) ਪ੍ਰਚਲਿਤ ਹੋਇਆ । ਇਸ ਨਗਰ ਵਿਚ ਦੋ ਗੁਰੂ-ਧਾਮ ਵਿਸ਼ੇਸ਼ -ਉਲੇਖ- ਯੋਗ ਹਨ । ਇਕ ‘ ਗੁਰਦੁਆਰਾ ਦਰਬਾਰ ਸਾਹਿਬ ’ , ਜੋ ਨਗਰ ਦੇ ਮੱਧ ਵਿਚ ਸਥਿਤ ਹੈ । ਇਸ ਦੇ ਪਰਿਸਰ ਵਿਚ ਤਿੰਨ ਸਮਾਰਕ ਹਨ । ਇਕ ਹੈ ਅਜਿਤੇ ਰੰਧਾਵੇ ਦਾ ਉਹ ਖੂਹ ਜਿਸ ਕੋਲ ਗੁਰੂ ਨਾਨਕ ਦੇਵ ਜੀ ਆ ਕੇ ਬਿਰਾਜੇ ਸਨ । ਦੂਜਾ ਹੈ ‘ ਕੀਰਤਨ ਅਸਥਾਨ ’ ਜਿਥੇ ਬਾਬਾ ਧਰਮ ਚੰਦ ਦੇ ਦੇਹਾਂਤ ਵੇਲੇ ਆਏ ਗੁਰੂ ਅਰਜਨ ਦੇਵ ਜੀ ਨੇ ਵਿਸਮਾਦੀ ਅਵਸਥਾ ਵਿਚ ਕੀਰਤਨ ਸੁਣਿਆ ਸੀ । ਤੀਜਾ ਥੜਾ ਸਾਹਿਬ ਜਿਸ ਸਥਾਨ ਉਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਬਾਦ ਵਿਚ ਗੁਰੂ ਜੀ ਦੇ ਸੁਪੁੱਤਰਾਂ ਨੇ ਕਰਤਾਰਪੁਰ ਵਾਲੀ ਥਾਂ ਤੋਂ ਮਿੱਟੀ ਲਿਆ ਕੇ ਸਮਾਧ ( ਦੇਹਰਾ ) ਬਣਾਇਆ ਸੀ । ਇਸ ਗੁਰਦੁਆਰੇ ਦੀ ਉਸਾਰੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1827 ਈ. ਵਿਚ ਕਰਵਾਈ । ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ । ਹਰ ਮਸਿਆ ਨੂੰ ਇਥੇ ਦੀਵਾਨ ਸਜਦੇ ਹਨ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਉਚੇਚ ਨਾਲ ਮੰਨਾਇਆ ਜਾਂਦਾ ਹੈ । ਵਿਸਾਖੀ ਨੂੰ ਵੀ ਇਥੇ ਵੱਡਾ ਧਾਰਮਿਕ ਮੇਲਾ ਹੁੰਦਾ ਹੈ । ਇਸ ਗੁਰੂ-ਧਾਮ ਵਿਚ ਗੁਰੂ ਗ੍ਰੰਥ ਸਾਹਿਬ ਦੀ ਇਕ ਪੁਰਾਤਨ ਬੀੜ ਵੀ ਸੁਰਖਿਅਤ ਹੈ ।ਦੂਜਾ , ਗੁਰੂ-ਧਾਮ ‘ ਗੁਰਦੁਆਰਾ ਚੋਲਾ ਸਾਹਿਬ’ ਹੈ । ਰਵਾਇਤ ਅਨੁਸਾਰ ਇਸ ਧਰਮ-ਧਾਮ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਉਸ ਚੋਲੇ ਨਾਲ ਹੈ ਜੋ ਬਗਦਾਦ ਦੀ ਫੇਰੀ ਵੇਲੇ ਕਿਸੇ ਮੁਸਲਮਾਨ ਨੇ ਗੁਰੂ ਜੀ ਨੂੰ ਭੇਂਟ ਕੀਤਾ ਸੀ ਅਤੇ ਜਿਸ ਉਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਦੀ ਕਢਾਈ ਹੋਈ ਹੈ । ਇਹ ਚੋਲਾ ਗੁਰੂ ਜੀ ਦੇ ਵੰਸ਼ਜ ਬਾਬਾ ਕਾਬਲੀ ਮੱਲ ਨੇ ਬਗ਼ਦਾਦ ਤੋਂ 1 ਮਾਰਚ 1828 ਈ. ਨੂੰ ਲਿਆਉਂਦਾ । ਇਸ ਗੁਰੂ-ਧਾਮ ਵਿਚ ਸਦਾ ਲਿੰਗਰ ਚਲਦੇ ਰਹਿਣ ਕਾਰਣ ਇਸ ਦਾ ਨਾਂ ‘ ਗੁਰਦੁਆਰਾ ਲੰਗਰ ਮੰਦਿਰ ਚੋਲਾ ਸਾਹਿਬ’ ਪ੍ਰਚਲਿਤ ਹੋ ਗਿਆ । ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਤੋਂ ਬਾਦ ਬਾਬਾ ਕਾਬਲੀ ਦਾਸ ਦੀ ਸੰਤਾਨ ਨੇ ਗੁਰੂ-ਧਾਮ ਦੀ ਇਮਾਰਤ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀ , ਪਰ ਚੋਲਾ ਸਾਹਿਬ ਆਪਣੇ ਪਾਸ ਹੀ ਰਖਿਆ ਜੋ ਹੁਣ ਉਨ੍ਹਾਂ ਨੇ ਆਪਣੇ ਪਰਿਵਾਰਿਕ ਘਰ ਵਿਚ ਸ਼ੀਸ਼ੇ ਦੇ ਬਾਕਸ ਵਿਚ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਨੂੰ ਦਰਸ਼ਨ ਕਰਾਉਂਦੇ ਹਨ । ‘ ਗੁਰਦੁਆਰਾ ਚੋਲਾ ਸਾਹਿਬ’ ਦਾ ਪ੍ਰਬੰਧ ਗੁਰਦੁਆਰਾ ਦਰਬਾਰ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ । ਇਸ ਦੇ ਪਰਿਸਰ ਵਿਚ ਬਾਬਾ ਕਾਬਲੀ ਮੱਲ ਦੀ ਸਮਾਧ ਵੀ ਹੈ । ਇਥੇ ਹਰ ਸਾਲ 21 ਫਗਣ ਤੋਂ ਚਾਰ ਦਿਨਾਂ ਦਾ ਮੇਲਾ ਲਗਦਾ ਹੈ ।

Leave a Reply

Your email address will not be published. Required fields are marked *