ਵਾਹਿਗੁਰੂ ਜੀ ਤੇ ਗੁਰਸਿੱਖ ਦਾ ਰਿਸ਼ਤਾ

ਵਾਹਿਗੁਰੂ ਜੀ ਤੇ ਗੁਰਸਿੱਖ ਦਾ ਰਿਸ਼ਤਾ ‘ਗੁਰਸਿੱਖ : ਗੁਰਮਤਿ ਵਿਚ ਵਿਸ਼ਵਾਸ ਰੱਖਣ ਅਤੇ ਸਿੱਖ ਰਹਿਤ ਮਰਿਆਦਾ ਨੂੰ ਧਾਰਨ ਵਾਲੇ ਵਿਅਕਤੀ ਨੂੰ ਗੁਰਸਿੱਖ ਕਿਹਾ ਜਾਂਦਾ ਹੈ । ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਿੱਖਿਆ ਦੇਣ ਵਾਲੇ ਨੂੰ ‘ ਗੁਰੂ’ ਅਤੇ ਸਿੱਖਿਆ ਸੁਣਨ ਵਾਲੇ ਨੂੰ ਸਿੱਖ ਦੀ ਸੰਗਿਆ ਦਿੱਤੀ ਗਈ ਹੈ ।
ਇਸੇ ਅਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਯਕੀਨ ਲਿਆਉਣ ਵਾਲਿਆਂ ਲਈ ‘ ਸਿੱਖ’ ਸ਼ਬਦ ਦੀ ਵਰਤੋਂ ਕੀਤੀ ਜਾਣ ਲਗੀ । ਸਿੱਖ ਦਾ ਸ਼ਾਬਦਿਕ ਅਰਥ ਹੈ , ਸ਼ਿਸ਼ , ਚੇਲਾ , ਸ਼ਾਗਿਰਦ , ਜਿਸ ਨੂੰ ਉਪਦੇਸ਼ ਦੇਣਾ ਯੋਗ ਹੋਵੇ ਆਦਿ । ਗੁਰਬਾਣੀ ਵਿਚ ਸਿੱਖ ਅਤੇ ਗੁਰਸਿੱਖ ਸ਼ਬਦ ਇਕੋ ਹੀ ਅਰਥਾਂ ਵਿਚ ਵਰਤੇ ਗਏ ਹਨ । ਗੁਰੂ ਅਤੇ ਸਿੱਖ ਦੇ ਸਬੰਧਾਂ ਅਤੇ ਗੁਰਸਿੱਖ ਦੇ ਜੀਵਨ ਆਦਰਸ਼ ਬਾਰੇ ਗੁਰਬਾਣੀ ਵਿਚੋਂ ਅਗਵਾਈ ਮਿਲਦੀ ਹੈ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਗੁਰਬਾਣੀ ਅਧਾਰਤ ਗੁਰਸਿੱਖਾਂ ਦੀ ਰਹਿਣੀ ਬਹਿਣੀ ਦੀ ਹੋਰ ਵਿਸਥਾਰ ਨਾਲ ਵਿਆਖਿਆ ਕੀਤੀ ਹੈ । ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਗੁਰਸਿੱਖਾਂ ਦੇ ਆਤਮਕ ਜੀਵਨ ਦਾ ਹੀ ਪ੍ਰਮੁੱਖ ਤੌਰ ਤੇ ਵਰਣਨ ਕੀਤਾ ਗਿਆ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖ ਇਕ ਜਥੇਬੰਦੀ ਦੇ ਰੂਪ ਵਿਚ ਉਭਰਨ ਲੱਗੇ ਤਾਂ ਇਨ੍ਹਾਂ ਦੇ ਸਮਾਜਕ ਅਨੁਸ਼ਾਸਨ ਅਤੇ ਸਰੂਪ ਸਬੰਧੀ ਵੀ ਅਸੂਲ ਨਿਸ਼ਚਿਤ ਕੀਤੇ ਗਏ ਜਿਨ੍ਹਾਂ ਸਬੰਧੀ ਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਗੁਰਸਿੱਖਾਂ ਨੇ ਰਹਿਤਨਾਮੇ ਲਿਖੇ । ਗੁਰਬਾਣੀ ਅਨੁਸਾਰ ਗੁਰੂ ਦਾ ਸਿੱਖ ਆਪ ਨਾਮ ਜਪਦਾ ਹੈ ਅਤੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਦਿੰਦਾ ਹੈ । ਵਿਕਾਰ ਰਹਿਤ ਪਵਿੱਤਰ ਜੀਵਨ ਜੀਂਦਿਆਂ ਸਦਾ ਗੁਰੂ ਕੇ ਭਾਣੇ ਵਿਚ ਰਹਿੰਦਾ ਹੈ ਅਤੇ ਦੂਜੇ ਗੁਰਸਿੱਖਾਂ ਨੂੰ ਪਿਆਰ ਦੇਂਦਾ ਅਤੇ ਸਤਿਕਾਰ ਕਰਦਾ ਹੈ । ਅਜਿਹਾ ਸਿੱਖ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਕੇ ਗੁਰੂ ਰੂਪ ਹੋ ਜਾਂਦਾ ਹੈ । ਇਸ ਲਈ ਗੁਰਸਿੱਖਾਂ ਨੂੰ ਗੁਰਬਾਣੀ ਵਿਚ ਸਤਿਕਾਰ ਯੋਗ ਥਾਂ ਪ੍ਰਾਪਤ ਹੈ । ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ‖ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਗੁਰਸਿੱਖ ਦੀ ਪਦਵੀ ਬਹੁਤ ਉੱਚੀ ਮੰਨੀ ਹੈ । ਗੁਰੂ ਨਾਨਕ ਦੇਵ ਜੀ ਤੋਂ ਅਗਲੇ ਗੁਰੂ ਸਾਹਿਬਾਨ ਨੂੰ ਉਨ੍ਹਾਂ ਨੇ ਗੁਰਸਿੱਖ ਦਾ ਆਦਰਸ਼ ਰੂਪ ਮੰਨਿਆ ਹੈ । ਨਾਮ ਜਪਣਾ , ਗੁਰਬਾਣੀ ਪੜ੍ਹਨਾ , ਸਾਧ ਸੰਗਤ ਦੀ ਸੇਵਾ ਕਰਨਾ , ਨਿਉਂ ਕੇ ਚਲਣਾ , ਮਿੱਠ ਬੋਲਣਾ , ਪਵਿੱਤਰ ਜੀਵਨ ਜੀਂਦਿਆਂ ਸਾਰਿਆਂ ਵਿਚ ਇਕ ਅਕਾਲਪੁਰਖ ਨੂੰ ਵੇਖਣਾ , ਆਪ ਨੇ ਗੁਰਸਿੱਖ ਦੇ ਪ੍ਰਮੁੱਖ ਗੁਣ ਮੰਨੇ ਹਨ । ਭਾਈ ਸਾਹਿਬ ਅਨੁਸਾਰ ਗੁਰ ਉਪਦੇਸ਼ ਅਨੁਸਾਰ ਆਪਣਾ ਆਪਾ ਢਾਲਣ ਵਾਲਾ ਹੀ ਗੁਰਸਿੱਖ ਹੈ’

Leave a Reply

Your email address will not be published. Required fields are marked *