ਸ੍ਰੀ ਗੁਰੂ ਰਾਮਦਾਸ ਜੀ ਲੰਗਰ ਲਈ ਇਸ ਜਿਲ੍ਹੇ ਦੀ ਸੰਗਤਾਂ ਵੱਲੋਂ 500 ਕੁਇੰਟਲ ਕਣਕ ਦੀ ਸੇਵਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਭੇਜਣ ਵਾਲੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਰੋਜ਼ਾਨਾ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿਚ ਕਣਕ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਰਹੀ ਹੈ। ਇਸੇ ਤਹਿਤ ਹੀ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਵਿਚ ਸੰਗਤਾਂ ਵੱਲੋਂ ਇਕੱਤਰ ਕੀਤੀ 500 ਕੁਇੰਟਲ ਤੋਂ ਵੱਧ ਕਣਕ ਸ੍ਰੀ ਦਰਬਾਰ ਸਾਹਿਬ ਵਿਖੇ ਭੇਟਾ ਕੀਤੀ ਗਈ। ਇਸ ਮੌਕੇ ਕਣਕ ਲੈ ਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂ ਸ. ਭੁਪਿੰਦਰ ਸਿੰਘ ਸਾਹੂ ਤੇ ਹੋਰਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਤੇ ਵਧੀਕ ਮੈਨੇਜਰ ਸ. ਸੁਖਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਵੀ ਮੌਜੂਦ ਸਨ। ਉਨ੍ਹਾਂ ਜਥੇਦਾਰ ਤੋਤਾ ਸਿੰਘ ਵੱਲੋਂ ਗੁਰੂ ਘਰ ਦੇ ਲੰਗਰ ਲਈ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਸੰਗਤ ਨੂੰ ਪ੍ਰੇਰਿਤ ਕਰਕੇ ਕਣਕ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ। ਭਾਈ ਮਹਿਤਾ ਨੇ ਕਿਹਾ ਕਿ ਗੁਰੂ ਕਾ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ ਅਤੇ ਗੁਰੂ ਘਰ ਲਈ ਰਸਦਾਂ ਭੇਜਣ ਵਾਸਤੇ ਸ਼ਰਧਾਲੂਆਂ ਵਿਚ ਵੱਡਾ ਉਤਸ਼ਾਹ ਹੈ। ਇਸੇ ਦੌਰਾਨ ਅੱਜ ਹਲਕਾ ਭੁਲੱਥ ਅਤੇ ਹੁਸ਼ਿਆਰਪੁਰ ਦੀਆਂ ਸੰਗਤਾਂ ਵੱਲੋਂ ਵੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਭੇਜੀ ਗਈ। ਇਸ ਤੋਂ ਇਲਾਵਾ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਸ਼ਰਧਾਲੂਆਂ ਵੱਲੋਂ ਮਾਇਆ ਭੇਟ ਕਰਨ ਦਾ ਵੀ ਸਿਲਸਿਲਾ ਬਣਿਆ ਹੋਇਆ ਹੈ। ਅੰਮ੍ਰਿਤਸਰ ਦੇ ਜੱਜ ਸਾਹਿਬਾਨ ਵੱਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ। ਸੈਸ਼ਨ ਜੱਜ ਸ. ਹਰਜੀਤ ਸਿੰਘ ਖਾਲਸਾ ਅਤੇ ਸ. ਬਲਵਿੰਦਰ ਸਿੰਘ ਸੰਧੂ ਦੇ ਯਤਨਾਂ ਨਾਲ ਗੁਰੂ ਘਰ ਲਈ ਇਕੱਤਰ ਕੀਤੀ ਮਾਇਆ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਸੌਂਪੀ ਗਈ, ਜਿਥੇ ਉਨ੍ਹਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਫ਼ੌਜ ਦੇ ਸੇਵਾਮੁਕਤ ਕੈਪਟਨ ਬਾਬਾ ਬਖ਼ਸ਼ੀਸ਼ ਸਿੰਘ ਨੇ ਵੀ ਅੱਜ 50 ਹਜ਼ਾਰ ਰੁਪਏ ਲੰਗਰ ਸੇਵਾ ਲਈ ਭੇਟ ਕੀਤੇ, ਜਦਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਨੇ ਵੀ 20 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ। ਇਸ ਤੋਂ ਇਲਾਵਾ ਨੌਜੁਵਾਨ ਆਗੂ ਸ. ਗੁਰਪ੍ਰੀਤ ਸਿੰਘ ਵਡਾਲੀ ਵੱਲੋਂ ਵੀ 21 ਹਜ਼ਾਰ ਰੁਪਏ ਦਾ ਲੰਗਰ ਸੇਵਾ ਵਿਚ ਯੋਗਦਾਨ ਪਾਇਆ ਗਿਆ। ਗੁਰੂ ਘਰ ਦੇ ਲੰਗਰ ਲਈ ਸੇਵਾ ਭੇਜਣ ਵਾਲੇ ਇਨ੍ਹਾਂ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਨੇਜਰ ਸ. ਮੁਖਤਾਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *