ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਿੱਖਾਂ ਦੀ ਆਤਮਾ ਹੈ। ਜਿਵੇਂ ਆਤਮਾ ਤੇ ਸਰੀਰ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਸਿੱਖ ਤੇ ਹਰਿਮੰਦਰ ਸਾਹਿਬ ਵੀ ਕਦੇ ਵੱਖਰੇ ਨਹੀਂ ਹੋ ਸਕਦੇ। ਸਿੱਖਾਂ ਦੇ ਸਭ ਤੋਂ ਪਵਿੱਤਰ ਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਇਸ ਮਹਾਨ ਅਸਥਾਨ ‘ਤੇ ਹਰ ਧਰਮ, ਜਾਤਿ, ਵਰਨ ਤੇ ਦੁਨੀਆਂ ‘ਚ ਵੱਸਦੇ ਲੋਕ ਦਰਸ਼ਨ ਦੀਦਾਰਿਆਂ ਲਈ ਆਉਂਦੇ ਹਨ। ਸਮੇਂ-ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਕਈ ਤਰ੍ਹਾਂ ਦੇ ਰੰਗ ਵੇਖੇ। ਜੁਲ-ਮਾਂ ਨਾਲ ਲ-ੜਨ ਵਾਲੇ ਸਿੱਖਾਂ ਨੂੰ ਦਬਾਉਣ ਲਈ ਕਈ ਵਾਰ ਦਰਬਾਰ ਸਾਹਿਬ ‘ਤੇ ਸਖਤ ਪਹਿਰੇ ਲਾਏ ਗਏ। ਕਈ ਵਾਰ ਅਹਿਮਦ ਸ਼ਾਹ ਅਬ-ਦਾਲੀ ਵਰਗਿਆਂ ਨੇ ਇਸ ਮਹਾਨ ਅਸਥਾਨ ਦੀ ਇਮਾਰਤ ਨੂੰ ਢਹਿ-ਢੇਰੀ ਕਰ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ। ਇੱਥੋਂ ਤੱਕ ਕਿ ਸਮੇਂ-ਸਮੇਂ ਦੀਆਂ ਜ਼ਾ-ਲ-ਮ ਸਰਕਾਰਾਂ ਨੇ ਇਸ ਮਹਾਨ ਅਸਥਾਨ ‘ਤੇ ਸਖਤ ਪਹਿਰੇ ਲਾਏ ਪਰ ਫਿਰ ਵੀ ਸਿਦਕੀ ਆਪਣੇ ਪਵਿੱਤਰ ਅਸਥਾਨ ‘ਤੇ ਆਉਂਦੇ ਰਹੇ। ਪਰ ਅੱਜ ਹਾਲਾਤ ਉਸ ਤੋਂ ਉਲਟ ਬਣੇ ਹੋਏ ਹਨ, ਦੁਨੀਆਂ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦਾ ਖੌ-ਫ ਹੈ। ਤੇਜ਼ੀ ਨਾਲ ਇਹ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਸਭ ਕੁਝ ਬੰਦ ਕੀਤਾ ਹੋਇਆ ਹੈ। ਇਸੇ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੰਗਤਾਂ ਨੂੰ ਦਰਬਾਰ ਸਾਹਿਬ ਨਹੀਂ ਆਉਣ ਦਿੱਤਾ ਜਾ ਰਿਹਾ। ਨਤੀਜਾ ਇਹ ਹੈ ਕਿ ਹਰ ਸਮੇਂ ਲੱਖਾਂ ਸੰਗਤਾਂ ਦੀ ਆਮਦ ਵਾਲੇ ਇਸ ਮਹਾਨ ਅਸਥਾਨ ‘ਤੇ ਸੁੰਨ ਪੱਸਰੀ ਹੋਈ ਹੈ। ਬੀਤੇ ਦਿਨ ਇਸ ਮਹਾਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ਼ਾਮ 8 ਵਜੇ ਦੇ ਕਰੀਬ ਅੰਮ੍ਰਿਤਸਰ ਸਾਹਿਬ ਪ੍ਰਵੇਸ਼ ਕਰਦਿਆਂ ਹੀ ਗੋਲਡਨ ਗੇਟ ਤੋਂ ਪੁਲਿਸ ਦੇ ਨਾਕਿਆਂ ਦੀ ਸ਼ੁਰੂਆਤ ਹੋ ਗਈ। ਜਿਉਂ ਜਿਉਂ ਅੱਗੇ ਵਧ ਰਹੇ ਸੀ, ਤਿਉ-ਤਿਉਂ ਗੁਰੂ ਰਾਮਦਾਸ ਜੀ ਵੱਲੋਂ ਵਸਾਏ ਇਸ ਸ਼ਹਿਰ ਦੇ ਇਤਿਹਾਸਕ ਬਾਜ਼ਾਰ ਜਿੱਥੇ ਦੇਰ ਰਾਤ ਤੱਕ ਚਹਿਲ-ਪਹਿਲ ਰਹਿੰਦੀ ਸੀ, ਉੱਥੇ ਸਨਾਟਾ ਪਸਰਿਆ ਹੋਇਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇੜੇ ਗੱਡੀ ਪਾਰਕ ਕਰ ਸਿੱਧਾ ਦਰਬਾਰ ਸਾਹਿਬ ਵੱਲ ਚਾਲੇ ਪਾਏ।
ਪਰਿਕਰਮਾ ਵਿੱਚ ਪ੍ਰਵੇਸ਼ ਕਰਦਿਆਂ ਇਸ ਮਹਾਨ ਅਸਥਾਨ ਦੇ ਸੁਨਹਿਰੀ ਝਲਕਾਰੇ ਮਨ ਨੂੰ ਮੋਹ ਰਹੇ ਸੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਊੜੀ ਜਿੱਥੋਂ ਲੈ ਕੇ ਮੁੱਖ ਦੁਆਰਾ ਤੱਕ ਹਰ ਸਮੇਂ ਦਰਸ਼ਨਾਂ ਲਈ ਭੀੜ ਰਹਿੰਦੀ ਸੀ, ਇੱਕ ਪਲ ਵੀ ਐਸਾ ਨਹੀਂ ਜਦੋਂ ਇੱਥੇ ਤਿੱਲ ਰੱਖਣ ਦੀ ਜਗ੍ਹਾ ਹੋਵੇ, ਉਹ ਅੱਜ ਪੂਰੀ ਖਾਲੀ ਸੀ। ਸੇਵਾਦਾਰਾਂ ਵੱਲੋਂ ਹੱਥਾਂ ਵਿਚ ਸੈਨੀਟਾਈਜ਼ਰ ਦੀਆਂ ਸ਼ੀਸ਼ੀਆਂ ਫੜੀਆਂ ਹੋਈਆਂ ਸਨ ਤਾਂ ਕਿ ਅੰਦਰ ਜਾਣ ਵਾਲੇ ਹਰ ਸ਼ਰਧਾਲੂ ਦੇ ਹੱਥ ਸਾਫ ਕਰਵਾਏ ਜਾਣ। ਸੋ ਮੈਂ ਵੀ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਨਤਮਸਕ ਹੋ ਕੇ ਤਕਰੀਬਨ 10 ਮਿੰਟ ਉੱਥੇ ਹੀ ਸਨਮੁੱਖ ਖਲੋਤਾ ਰਿਹਾ।ਆਪਣੀ ਕਵਰੇਜ਼ ਦੌਰਾਨ ਮੈਂ ਮਹੀਨੇ ਬਾਅਦ ਹੀ ਅੰਮ੍ਰਿਤਸਰ ਆਉਂਦਾ ਸੀ ਪਰ ਐਸਾ ਪਹਿਲੀ ਵਾਰ ਸੀ ਕਿ ਐਨਾ ਚਿਰ ਅੰਦਰ ਖਲ੍ਹੋ ਕੇ ਸੱਚਖੰਡ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਏ ਹੋਣ। ਸੁੱਖਆਸਣ ਦਾ ਸਮਾਂ ਹੋ ਚੁੱਕਾ ਸੀ ਤੇ ਮਨ ‘ਚ ਤਾਂਘ ਸੀ ਕਿ ਪਾਲਕੀ ਸਾਹਿਬ ਨੂੰ ਮੋਢਾ ਦੇਵਾਂ ਪਰ ਉੱਥੇ ਤਾਇਨਾਤ ਸੇਵਾਦਾਰਾਂ ਦੇ ਦੱਸਣ ‘ਤੇ ਪੱਤਾ ਲੱਗਾ ਕਿ ਜਦੋਂ ਦੀ ਮਹਾਮਾਰੀ ਫੈਲੀ ਹੈ, ਕੇਵਲ ਕਮੇਟੀ ਦੇ ਸੇਵਾਦਾਰ ਹੀ ਪਾਲਕੀ ਸਾਹਿਬ ਲਿਆਉਂਦੇ ਤੇ ਲਿਜਾਂਦੇ ਹਨ। ਜਦਕਿ ਪਹਿਲਾਂ ਮੌਢਾ ਦੇਣ ਲਈ ਸੰਗਤਾਂ ਵਿੱਚ ਇੱਕ ਦੂਜੇ ਤੋਂ ਅੱਗੇ ਹੋਣ ਦੀ ਤਾਂਘ ਲੱਗੀ ਰਹਿੰਦੀ ਸੀ। ਸੋ ਅਗਲੇ ਦਿਨ ਅੰਮ੍ਰਿਤ ਵੇਲੇ ਪ੍ਰਕਾਸ਼ ਦੀ ਸੇਵਾ ਤੋਂ ਪਹਿਲਾ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਬਾਹਰ ਪਹੁੰਚੇ ਜਿੱਥੇ ਸੰਗਤ ਤਾਂ ਨਾਮਾਤਰ ਸੀ ਪਰ ਨਿੱਤ ਦੀ ਸੇਵਾ ਕਰਨ ਵਾਲੇ ਕਾਫੀ ਸਿੰਘ ਮੌਜੂਦ ਸਨ। ਪਤਾ ਕਰਨ ‘ਤੇ ਦੱਸਿਆ ਗਿਆ ਕਿ ਇਨ੍ਹਾਂ ਨਿੱਤ ਦੇ ਸੇਵਾਦਾਰਾਂ ਦੇ ਪਾਸ ਬਣਾਏ ਗਏ ਹਨ। ਇਸੇ ਦੌਰਾਨ ਇੱਕ ਦ੍ਰਿਸ਼ ਐਸਾ ਵੇਖਣ ਨੂੰ ਮਿਲਿਆ ਜਿਸ ਨੇ ਮੈਨੂੰ ਵੀ ਅੰਦਰੋਂ ਝੰ-ਜੋ-ੜਿ-ਆ। ਕੋਠਾ ਸਾਹਿਬ ਤੋਂ ਜਦੋਂ ਗੁਰੂ ਸਾਹਿਬ ਦਾ ਪਾਵਨ ਸਰੂਪ ਪਾਲਕੀ ਸਾਹਿਬ ‘ਚ ਲੈ ਕੇ ਆਉਣ ਲੱਗੇ ਤਾਂ ਬਹੁਤ ਜ਼ਿਆਦਾ ਲੋਕਾਂ ਦੇ ਅੱਖਾਂ ਵਿੱਚ ਹੰਜੂ ਡਿੱਗ ਰਹੇ ਸਨ। ਇੱਕ ਬਜ਼ੁਰਗ ਦੇ ਇਹ ਬੋਲ ਸਨ ਕਿ ਸੱਚੇ ਪਾਤਸ਼ਾਹ ਸਾਡੀਆਂ ਗਲਤੀਆਂ ਨੂੰ ਨਾ ਚਿਤਾਰ, ਅਸੀਂ ਭੁੱਲਣਹਾਰ ਹਾਂ ਤਾਂ ਮੇਰੇ ਮਨ ‘ਚ ਇਹ ਪ੍ਰਸ਼ਨ ਵਾਰ-ਵਾਰ ਆ ਰਿਹਾ ਸੀ ਕਿ ਅਸੀਂ ਵਾਕਿਆ ਹੀ ਨਾਸ਼ੁਕਰੇ ਹੋ ਚੁੱਕੇ ਸਾਂ ਤੇ ਪੈਸੇ ਦੀ ਅੰਨ੍ਹੀ ਦੌੜ ‘ਚ ਕੁਦਰਤ ਨਾਲ ਜੋ ਖਿਲਵਾੜ ਅਸੀਂ ਆਪਣੇ ਨਿੱਜੀ ਸਵਾਰਥਾਂ ਲਈ ਕੀਤਾ, ਸ਼ਾਇਦ ਇਹ ਉਸੇ ਦਾ ਨਤੀਜਾ ਹੈ। ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਸੀ ਤੇ ਮਰਿਆਦਾ ਅਨੁਸਾਰ ਪ੍ਰਕਾਸ਼ ਸਮੇਂ ਸਵਯੇ ਪੜ੍ਹੇ ਜਾ ਰਹੇ ਸਨ। ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਸੀ ਕਿ ਸੰਗਤ ਦਰਸ਼ਨੀ ਡਿਊੜੀ ਤੋਂ ਦਰਬਾਰ ਸਾਹਿਬ ਵਾਲੇ ਰਾਹ ‘ਤੇ ਦੂਰ-ਦੂਰ ਹੋ ਕੇ ਬੈਠੀ ਹੋਈ ਸੀ। ਸੋ ਦਰਸ਼ਨਾਂ ਤੋਂ ਬਾਅਦ ਪਰਕਿਰਮਾ ਵਿੱਚ ਚੱਲਦਿਆਂ ਦੁੱਖ-ਭਜਨੀ ਬੇਰੀ ਕੋਲ ਰੁਕ ਗਿਆ। ਜਦੋਂ ਵੀ ਸੰਗਤ ਇਸ ਮਹਾਨ ਅਸਥਾਨ ਦੇ ਦਰਸ਼ਨਾਂ ਲਈ ਆਉਂਦੀ ਹੈ ਤਾਂ ਸਭ ਦੀ ਆਸਥਾ ਹੁੰਦੀ ਹੈ ਕਿ ਦੁੱ-ਖ ਭੰਜਣੀ ਬੇਰੀ ਤੇ ਇਸ਼ਨਾਨ ਕਰਕੇ ਹੀ ਅੱਗੇ ਜਾਇਆ ਜਾਵੇ। ਇੱਥੇ ਵੀ ਅੱਜ ਸੁੰਨ ਪਸਰੀ ਸੀ ਤੇ ਕੇਵਲ ਨਾਮਾਤਰ ਹੀ ਸੰਗਤ ਇਸ਼ਨਾਨ ਕਰ ਰਹੀ ਸੀ। ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਪਾਵਨ ਮੁੱਖਵਾਕ ਦੀ ਕਥਾ ਹੁੰਦੀ ਹੈ, ਉੱਥੇ ਵੀ ਕਥਾ ਸਮੇਂ ਸਾਰਾ ਹਾਲ ਖਾਲੀ ਸੀ ਜਦਕਿ ਇੱਥੇ ਵੀ ਕਥਾ ਸਮੇਂ ਠਾਠਾਂ ਮਾਰਦਾ ਇਕੱਠ ਹੁੰਦਾ ਹੈ। ਸੋ ਇਸ ਪਿੱਛੋਂ ਪ੍ਰਸ਼ਾਦਾ ਛਕਣ ਲਈ ਲੰਗਰ ਹਾਲ ਵੱਲ ਜਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੀ ਖਾਸ ਮਹੱਤਤਾ ਹੈ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਦੇ ਨਾਂ ਨਾਲ ਵੀ ਜਾਣਿਆ ਜਾਂਦੈ ਜਿੱਥੇ ਇੱਕ ਦਿਨ ਵਿੱਚ 1.5 ਲੱਖ ਤੋਂ ਜ਼ਿਆਦਾ ਸੰਗਤਾ ਪ੍ਰਸ਼ਾਦਾ ਛੱਕਦੀਆਂ ਹਨ ਤੇ ਬਰਤਨ ਲੈਣ ਲਈ ਵੀ ਲਾਈਨ ਵਿੱਚ ਲੱਗਣਾ ਪੈਂਦਾ ਸੀ। ਬਰਤਨਾਂ ਦੀ ਆਵਾਜ਼ ਕੰਨੀਂ ਪੈਂਦੀ ਸੀ ਪਰ ਅੱਜ ਬਰਤਨ ਦੇਣ ਵਾਲੇ ਸੇਵਾਦਾਰ ਵੀ ਬੈਠੇ ਹੋਏ ਸਨ ਸੋ ਬਰਤਨ ਲੈ ਕੇ ਜਦੋਂ ਲੰਗਰ ਹਾਲ ਵਿੱਚ ਜਾਇਆ ਗਿਆ ਤਾਂ ਦੇਖਿਆ ਕਿ ਪੰਗਤ ਵਿੱਚ 15 ਤੋਂ 20 ਜਾਣੇ ਲੰਗਰ ਛੱਕ ਰਹੇ ਸਨ। ਪ੍ਰਸ਼ਾਦਾ ਛੱਕਣ ਤੋਂ ਬਾਅਦ ਬਰਤਨਾਂ ਨੂੰ ਧੋਣ ਵਾਲੀ ਥਾਂ ਵੀ ਅੱਜ ਖਾਲੀ ਸੀ ਜਦਕਿ ਇੱਥੇ ਸੇਵਾ ਕਰਨ ਲਈ ਵੀ ਘੰਟਿਆਂਬਧੀ ਇੰਤਜ਼ਾਰ ਕਰਨਾ ਪੈਂਦਾ ਸੀ। ਸੋ ਲੰਗਰ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਆਮ ਦਿਨਾਂ ਵਿੱਚ ਇਸ ਅਸਥਾਨ ਤੇ ਔਸਤਨ 32 ਕੁਇੰਟਲ ਤੋਂ ਜ਼ਿਆਦਾ ਦਾਲ ਬਣਦੀ ਸੀ ਜੋ ਅੱਜ 3 ਤੋਂ 4 ਕੁਇੰਟਲ ਰਹਿ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾ-ਜ਼ਮ ਵੀ ਚਿੰ-ਤਤ ਸਨ ਕਿਉਂਕਿ ਸਭ ਦਾ ਰੁਜਗਾਰ ਗੁਰੂ ਕੀ ਗੋਲਕ ‘ਤੇ ਹੀ ਨਿਰਭਰ ਹੈ ਤੇ ਸਭ ਨੂੰ ਬਾਕੀਆਂ ਵਾਂਗ ਭਵਿੱਖ ਦੀ ਚਿੰ-ਤਾ ਸਤਾ ਰਹੀ ਸੀ।
ਕਈ ਐਸੇ ਵਡੇਰੀ ਉਮਰ ਦੇ ਬਜ਼ੁਰਗ ਜਿਨ੍ਹਾ ਦੀ ਉਮਰ 80 ਸਾਲ ਤੋਂ ਉੱਪਰ ਸੀ, ਉਨ੍ਹਾਂ ਦਾ ਇਹ ਕਹਿਣਾ ਸੀ ਕਿ ਜ਼ਿੰਦਗੀ ਨੇ ਕਈ ਰੰਗ ਵੇਖੇ ਤੇ ਆਪਣੇ ਪਿੰਡੇ ਤੇ ਕਈ ਉਤਰਾਅ ਚੜ੍ਹਾਅ ਹੰਢਾਏ ਪਰ ਇਸ ਅਸਥਾਨ ‘ਤੇ ਅਜਿਹਾ ਸਮਾਂ ਕਦੇ ਨਹੀ ਸੀ ਵੇਖਿਆ। ਖੈਰ ਲੰਗਰ ਤੋਂ ਬਾਹਰ ਆਇਆ ਤਾਂ ਸੂਰਜ ਵੀ ਆਪਣੇ ਜੋਬਨ ਤੇ ਸੀ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ‘ਚ ਦੂਰ-ਦੂਰ ਤੱਕ ਕੋਈ ਨਹੀਂ ਸੀ ਦਿੱਖ ਰਿਹਾ ਤੇ ਵਾਰ-ਵਾਰ ਮਨ ਵਿੱਚੋਂ ਅਰਦਾਸ ਦੇ ਬੋਲ ਨਿਕਲ ਰਹੇ ਸਨ “ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ” ਗੁਰੂ ਰਾਮਦਾਸ ਪਾਤਸ਼ਾਹ ਕ੍ਰਿਪਾ ਕਰੋ ਤੇ ਮੁੜ ਉਸੇ ਤਰ੍ਹਾਂ ਹੀ ਇਸ ਦਰ ਤੇ ਰੌਣਕ ਪਰਤ ਆਵੇ ਤੇ ਸੰਗਤਾਂ ਆਪ ਜੀ ਦੇ ਦਰ ਤੇ ਆ ਕੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਕੇ ਪਰਤਣ।ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਭਨਾ ਤੇ ਕਿਰਪਾ ਬਣਾਈ ਰੱਖਣਾ ਜੀ ।
