ਅੱਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਜਾਣੋ ਇਤਿਹਾਸ

ਸਭ ਤੋਂ ਪਹਿਲਾਂ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ ।ਨਿਮਰਤਾ ਦੇ ਪੁੰਜ, ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਤੀਜੇ ਪਾਤਸ਼ਾਹ ਜੀ ਦੀ ਅਗਵਾਈ ਹੇਠ ਸਿੱਖ ਪੰਥ ਊਚ-ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਮੁਕਤ ਅਤੇ ਨਾਰੀ ਸਨਮਾਨ ਤੇ ਸਾਂਝੀਵਾਲਤਾ ਦੀ ਪਹਿਰੇਦਾਰ ਸੰਸਥਾ ਵਜੋਂ ਹੋਰ ਉੱਭਰ ਕੇ ਆਇਆ। ਆਉ ਜਾਣਦੇ ਹਾਂ ਗੁਰੂ ਜੀ ਦੇ ਜੀਵਨ ਬਾਰੇ ਇਤਿਹਾਸ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536) ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਤੇਜ ਭਾਨ, ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ। ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋ-ਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਅਰਦਾਸ ਕੀਤੀ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।। ਜਿਸ ਬਾਅਦ ਆਪ ਜੀ ਸਮਾਜ ਨੂੰ ਸੁਧਾਰਨ ਲਈ ਅਨੇਕਾਂ ਨੇਕ ਵੱਡੇ-ਵੱਡੇ ਕਾਰਜ ਕੀਤੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ।

Leave a Reply

Your email address will not be published. Required fields are marked *