ਧੰਨ ਧੰਨ ਸੰਤ ਬਾਬਾ ਦੀਪ ਸਿੰਘ ਜੀ ਦੀ ਸ਼ਹਾ-ਦਤ ਕਿਵੇਂ ਹੋਈ ‘ਸ਼-ਹੀ-ਦ ਬਾਬਾ ਦੀਪ ਸਿੰਘ ਜੀ (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਸੰਧੂ ਜੱਟਾ ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ।
ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ ‘ਦੀਪੇ’ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ‘ਦੀਪ ਸਿੰਘ’ ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।20-22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਿਕ ਬਣ ਗਏ। ਇੱਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ, ਦੂਸਰੇ ਪਾਸੇ ਆਪ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ-ਏ-ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਸਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਵੱਖ-ਵੱਖ ਅਸਥਾਨਾਂ ਰਾਹੀਂ ਹੁੰਦੇ ਹੋਏ ਪਾਵਨ ਅਸਥਾਨ ਦਮਦਮਾ ਸਾਹਿਬ, ਤਲਵੰਡੀ ਸਾਬੋ, ਜ਼ਿਲ਼੍ਹਾ ਬਠਿੰਡਾ ਵਿਖੇ ਪਹੁੰਚੇ। ਇਸ ਪਾਵਨ ਅਸਥਾਨ ‘ਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਆਪ ਜੀ ਇੱਕ ਮਹਾਨ ਕੀਰਤਨੀਏ ਤੇ ਵਧੀਆ ਲਿਖਾਰੀ ਵੀ ਸਨ।
