ਦਰਬਾਰ ਸਾਹਿਬ ਚ ਗੁਰੂ ਕਾ ਬਾਗ ਦੀ ਸੁੰਦਰਤਾ ਤੇ ਵਾਤਾਵਰਣ ਨੂੰ ਚਾਰ ਚੰਨ ਲਗਾਉਣਗੇ ਇਹ ਅਨੋਖੇ ਬੂਟੇ

ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰੂ ਕਾ ਬਾਗ ਅੰਦਰ ਜਿਥੇ ਵੱਖ-ਵੱਖ ਤਰ੍ਹਾਂ ਦੇ ਫੁੱਲ ਮਹਿਕਾਂ ਬਿਖੇਰ ਰਹੇ ਹਨ, ਉਥੇ ਹੀ ਅਨੇਕਾਂ ਪ੍ਰਕਾਰ ਦੇ ਬੂਟੇ ਵੀ ਜੋਬਨ ’ਤੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਪਾਰਕ ਅੰਦਰ ਬੂਟੇ ਲਗਾਉਣ ਦੀ ਲਗਾਤਾਰਤਾ ਵੀ ਬਣੀ ਹੋਈ ਹੈ। ਇਸ ਦੇ ਚੱਲਦਿਆਂ ਸੋਮਵਾਰ ਨੂੰ ਬਾਗ ਵਿਚ ਰੀਠੇ ਦੇ ਕੁਝ ਬੂਟੇ ਲਗਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੁਰੂ ਕਾ ਬਾਗ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਅਤੇ ਰੱਖ-ਰਖਾਅ ਦੀ ਸੇਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ ਸੰਪਰਦਾ ਨੂੰ ਦਿੱਤੀ ਗਈ ਹੈ। ਬੀਤੇ ਕੁਝ ਹਫ਼ਤੇ ਪਹਿਲਾਂ ਇਸ ਪਾਰਕ ਵਿਚ ਵਿਸ਼ੇਸ਼ ਕਿਆਰੀਆਂ ਬਣਾ ਕੇ ਸੈਂਕੜੇ ਕਿਸਮ ਦੇ ਫੁੱਲ ਲਗਾਏ ਗਏ ਸਨ, ਜਿਨ੍ਹਾਂ ’ਤੇ ਹੁਣ ਰੁੱਤ ਅਨੁਸਾਰ ਖੇੜਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਾਰਕ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਮੇਂ ਸਮੇਂ ਇਥੇ ਲਗਾਏ ਬੂਟਿਆਂ ਵਿਚ ਵਾਧਾ ਵੀ ਨਿਰੰਤਰ ਜਾਰੀ ਹੈ। ਇਸੇ ਤਹਿਤ ਹੀ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਸਹਿਯੋਗ ਨਾਲ ਪਾਰਕ ਵਿਚ ਰੀਠੇ ਦੇ ਕੁਝ ਬੂਟੇ ਲਗਾਏ ਗਏ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਲਈ ਲਗਾਤਾਰ ਯਤਨ ਕਰ ਰਹੀ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਕਾ ਬਾਗ ਵੀ ਇਸੇ ਦਾ ਹੀ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਪਾਰਕ ਬਣਾਉਣ ਦਾ ਮੰਤਵ ਸੰਗਤਾਂ ਨੂੰ ਪ੍ਰੇਰਣਾ ਦੇਣਾ ਹੈ। ਉਨ੍ਹਾਂ ਆਖਿਆ ਕਿ ਗੁਰੂ ਘਰ ਪੁੱਜਦੀਆਂ ਸੰਗਤਾਂ ਇਥੋਂ ਸੇਧ ਪ੍ਰਾਪਤ ਕਰ ਕੇ ਆਪਣੇ ਘਰਾਂ ਅੰਦਰ ਵੱਧ ਤੋਂ ਵੱਧ ਹਰਿਆਵਲ ਭਰਪੂਰ ਅਤੇ ਸੁਗੰਧੀ ਵਾਲੇ ਬੂਟੇ ਲਗਾਉਣ, ਸ਼੍ਰੋਮਣੀ ਕਮੇਟੀ ਦੀ ਇਹ ਮਨਸ਼ਾ ਹੈ। ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਕਿਹਾ ਕਿ ਹਰਿਆਵਲ ਮਨੁੱਖੀ ਮਨ ਨੂੰ ਖੇੜਾ ਦਿੰਦੀ ਹੈ। ਉਨ੍ਹਾਂ ਸੰਗਤ ਨੂੰ ਸੁਨੇਹਾ ਦਿੱਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ, ਤਾਂ ਜੋ ਕੁਦਰਤੀ ਵਾਤਾਵਰਨ ਬਰਕਰਾਰ ਰਹੇ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਰਾਮ ਸਿੰਘ ਭਿੰਡਰ ਸਾਬਕਾ ਮੀਤ ਸਕੱਤਰ, ਸ. ਅਮਰਜੀਤ ਸਿੰਘ ਸ਼ਬਦ ਚੌਂਕੀ ਵਾਲੇ, ਸ. ਸੁਖਬੀਰ ਸਿੰਘ ਗਵਾਲੀਅਰ, ਸ. ਨਵਦੀਪ ਸਿੰਘ, ਸ. ਸੁਖਦੇਵ ਸਿੰਘ, ਸ. ਜਰਨੈਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *