ਗੁਰੂਘਰ ਦੀਆਂ ਸੰਗਤਾਂ ਵੱਲੋਂ ‘ਸ੍ਰੀ ਦਰਬਾਰ ਸਾਹਿਬ’ ਲਈ ਇਹ ਮਸ਼ੀਨ ਭੇਟ

ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ਸੈਨੇਟਾਈਜ਼ਰ ਮਸ਼ੀਨ ਭੇਟ ਵਿਸ਼ਵ ਕੋ-ਰੋ-ਨਾ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਗੁਰੂ ਘਰ ਦੇ ਸ਼ਰਧਾਲੂ ਤੇ ਸਮਾਜ ਸੇਵੀ ਲੋਕ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਤਹਿਤ ਹੀ ਅੱਜ ਜਗਤ ਸੁੱਖ ਇੰਡਸਟਰੀ ਲੁਧਿਆਣਾ ਅਤੇ ਅਕਾਲ ਚੈਨਲ ਯੂ. ਕੇ. ਵੱਲੋਂ ਸਾਂਝੇ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਸੈਨੇਟਾਈਜ਼ ਕਰਨ ਲਈ ਮਸ਼ੀਨ ਭੇਟ ਕੀਤੀ ਗਈ। ਯੂ. ਕੇ. ਨਿਵਾਸੀ ਸ. ਅਮਰੀਕ ਸਿੰਘ ਕੂਨਰ ਦੇ ਇਸ ਉੱਦਮ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਰਤਮਾਨ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਡਰ ਨੂੰ ਹਿਰਦੇ ’ਚੋਂ ਕੱਢਣ ਲਈ ਗੁਰਬਾਣੀ ਸਹਾਰਾ ਹੈ, ਉਥੇ ਹੀ ਆਪਣੇ ਆਲੇ ਦੁਆਲੇ ਨੂੰ ਵੀ ਸਾਫ਼ ਸੁਥਰਾ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਜਗਤ ਸੁੱਖ ਇੰਡਸਟਰੀ ਤੇ ਅਕਾਲ ਚੈਨਲ ਯੂ.ਕੇ. ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ, ਦਫ਼ਤਰਾਂ ਤੇ ਜੋੜਾ ਘਰਾਂ ਆਦਿ ਨੂੰ ਨਿਰੰਤਰ ਸੈਨੇਟਾਈਜ਼ ਕਰਨ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੀ ਇਸ ਨਾਲ ਸਪਰੇਅ ਕੀਤੀ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਉਣ ਲਈ ਜਗਤ ਸੁੱਖ ਇੰਡਸਟਰੀ ਤੇ ਅਕਾਲ ਚੈਨਲ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਵੀ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਮੁਖਤਾਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਜਸਪਾਲ ਸਿੰਘ ਢੱਡੇ, ਅਕਾਲ ਚੈਨਲ ਤੇ ਜਗਤ ਸੁੱਖ ਇੰਡਸਟਰੀ ਵੱਲੋਂ ਸ. ਤੇਜਿੰਦਰ ਸਿੰਘ ਰੰਧਾਵਾ, ਸ. ਹਰਪ੍ਰੀਤ ਸਿੰਘ ਮੱਖੂ, ਸ. ਚਰਨਜੀਤ ਸਿੰਘ, ਸ. ਗੁਰਵਿੰਦਰ ਸਿੰਘ, ਸ. ਅਮਰਜੀਤ ਸਿੰਘ, ਸ. ਸੁਖਪ੍ਰੀਤ ਸਿੰਘ ਉੱਦੋਕੇ, ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੁਹਾੜਕਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *