ਪ੍ਰਾਪਤ ਜਾਣਕਾਰੀ ਅਨੁਸਾਰ ਗਲਾਸਗੋ ਦਾ ਨਾਂ ਵਿਸ਼ਵ ਭਰ ਵਿੱਚ ਚਮਕਾਉਣ ਵਾਲੇ ਬਜ਼ੁਰਗ ਮੈਰਾਥਨ ਦੌੜਾਕ ਭਾਈ ਅਮਰੀਕ ਸਿੰਘ ਕੋਰੋਨਾ ਕਰਕੇ ਬੀਤੇ ਦਿਨੀਂ ਅ-ਕਾਲ ਚਲਾਣਾ ਕਰ ਗਏ। ਭਾਈ ਅਮਰੀਕ ਸਿੰਘ 84 ਵਰ੍ਹਿਆਂ ਦੇ ਸਨ। ਉਹਨਾਂ ਦੌੜਨ ਅਭਿਆਸ ਉਮਰ ਦੇ 40ਵੇਂ ਵਰ੍ਹੇ ‘ਚ ਸ਼ੁਰੂ ਕੀਤਾ ਸੀ। ਉਹਨਾਂ ਨੂੰ ਲੰਡਨ ਮੈਰਾਥਨ 27 ਵਾਰ ਮੁਕੰਮਲ ਦੌੜਨ ਦਾ ਮਾਣ ਹਾਸਿਲ ਹੈ। 650 ਦੇ ਲਗਭਗ ਘਰ ਪਏ ਮੈਡਲ ਉਹਨਾਂ ਦੀ ਮਿਹਨਤ ਦੀ ਗਵਾਹੀ ਭਰਦੇ ਹਨ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਕਰਕੇ ਹੀ ਉਹ “ਵਾਹਿਗੁਰੂ ਬਾਬਾ” ਵਜੋਂ ਜਾਣੇ ਜਾਂਦੇ ਸਨ। ਹਰ ਕਿਸੇ ਨੂੰ ਬਾਣੀ ਨਾਲ ਜੁੜਨ, ਕਸਰਤ ਕਰਨ, ਫਲ ਖਾਣ ਆਦਿ ਦੀ ਪ੍ਰੇਰਨਾ ਹਰ ਸਾਹ ਦੇਣਾ ਉਹਨਾਂ ਦਾ ਨੇਮ ਸੀ। ਉਹਨਾਂ ਦੇ ਅਕਾਲ ਚਲਾਣੇ ‘ਤੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਨਿਰੰਜਨ ਸਿੰਘ ਬਿਨਿੰਗ, ਜਸਪਾਲ ਸਿੰਘ ਖਹਿਰਾ, ਡਾ. ਇੰਦਰਜੀਤ ਸਿੰਘ, ਮੇਲਾ ਸਿੰਘ, ਪਰਮਜੀਤ ਸਿੰਘ ਸਮਰਾ, ਬਲਦੇਵ ਸਿੰਘ ਪੱਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਪ੍ਰਧਾਨ ਲਭਾਇਆ ਸਿੰਘ ਮਹਿਮੀ, ਸਕੱਤਰ ਦਿਲਜੀਤ ਸਿੰਘ ਦਿਲਬਰ ਸਮੇਤ ਸਕਾਟਲੈਂਡ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਡੂੰਘੇ dukh ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਵਿਖੇ ਪਿਛਲੇ ਲੰਮੇ ਸਮੇਂ ਤੋਂ ਫਰੰਟਲਾਈਨ ਕਾਮਿਆਂ ਨੂੰ ਉਹਨਾਂ ਦੇ ਕੰਮ ਸਥਾਨਾਂ ‘ਤੇ ਭੋਜਨ ਪਹੁੰਚਾਉਣ ਦੇ ਕਾਰਜ ਜਾਰੀ ਹਨ। ਸੇਵਾਦਾਰ ਨੌਜਵਾਨਾਂ ਭਾਈ ਹਰਪਾਲ ਸਿੰਘ, ਪਵਨਦੀਪ ਸਿੰਘ (ਪੋਤਰਾ ਭਾਈ ਅਮਰੀਕ ਸਿੰਘ), ਕਵਲਦੀਪ ਸਿੰਘ, ਨਛੱਤਰ ਸਿੰਘ ਉੱਪਲ, ਸੰਤੋਖ ਸਿੰਘ, ਜੀਤਾ ਸਿੰਘ ਇਟਲੀ ਵਾਲਾ, ਹੈਰੀ ਸਿੰਘ, ਹਰਜੀਤ ਸਿੰਘ, ਟੋਨੀ ਸਿੰਘ, ਗੁਲਸ਼ਨ ਸੋਨੀ ਵੱਲੋਂ ਅੱਜ ਦੇ ਸੇਵਾ ਕਾਰਜ
ਭਾਈ ਅਮਰੀਕ ਸਿੰਘ ਨੂੰ ਸਮਰਪਿਤ ਕਰਦਿਆਂ ਸਾਰਾ ਦਿਨ ਉਹਨਾਂ ਦੀ ਯਾਦ ਵਿੱਚ ਭੋਜਨ ਬਣਾ ਕੇ ਪਹੁੰਚਾਉਣ ਦੀ ਸੇਵਾ ਕੀਤੀ ਗਈ। ਭਾਈ ਹਰਪਾਲ ਸਿੰਘ ਤੇ ਕਵਲਦੀਪ ਸਿੰਘ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਅਮਰੀਕ ਸਿੰਘ ਵਰਗੀਆਂ ਹਸਤੀਆਂ ਵਾਰ-ਵਾਰ ਜਨਮ ਨਹੀਂ ਲੈਂਦੀਆਂ। ਉਹਨਾਂ ਕਿਹਾ ਸਿੱਖ ਭਾਈਚਾਰਾ ਇਸ ਅਨੋਖੀ ਸ਼ਖਸ਼ੀਅਤ ਨੂੰ ਹਮੇਸ਼ਾ ਯਾਦ ਰੱਖੇਗਾ।
