ਸਭ ਤੋਂ ਪਹਿਲਾਂ ਸੰਗਤ ਜੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਗੁਰਮੁਖੀ ਲਿਪੀ ਦੀ ਸਥਾਪਨਾ ਤੇ ਗੁਰ ਇਤਿਹਾਸ ਦੀ ਲਿਖਤੀ ਰੂਪ ‘ਚ ਸੰਭਾਲ਼ ਦੇ ਨਾਲ ਨਾਲ, ਗੁਰਮਤਿ ਸੰਗੀਤ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਵਰਤਮਾਨ ਰੂਪ ਦੀ ਖੋਜ ਕੀਤੀ।ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ ਹਨ। ਗੁਰੂ ਨਾਨਕ ਦੇਵ ਜੀ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਬੜੇ ਮੁੱਸ਼ਕਲ ਸਮੇਂ ਵਿਚ ਸਿੱਖੀ ਦੀ ਅਗਵਾਈ ਕੀਤੀ। ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਫੇਰੂ ਮੱਲ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਪਿੰਡ ਹਰੀਕੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਗੁਰੂ ਅੰਗਦ ਦੇਵ ਜੀ ਦਾ ਜਨਮ ਇਕ ਹਿੰਦੂ ਪਰਿਵਾਰ ਵਿਚ ਹੋਇਆ ਸੀ। ਗੁਰੂ ਸਾਹਿਬ ਦਾ ਬਚਪਨ ਦਾ ਨਾਂਅ ਲਹਿਣਾ ਸੀ। ਮਾਤਾ ਖੀਵੀ ਜੀ ਨਾਲ ਵਿਆਹ ਸੰਨ 1519 ਈ: ਵਿਚ ਭਾਈ ਲਹਿਣਾ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਧੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਅਤੇ ਦੋ ਪੁੱਤਰ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਨੇ ਜਨਮ ਲਿਆ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਸੰਭਾਲੀਆਂ। ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਨਾ 27 ਸਾਲ ਦੀ ਉਮਰ ਤੱਕ ਭਾਈ ਲਹਿਣਾ ਜੀ ਦੇਵੀ ਮਾਤਾ ਦੀ ਪੂਜਾ ਕਰਦੇ ਸਨ। 27 ਸਾਲ ਦੀ ਉਮਰ ਵਿਚ ਉਹਨਾਂ ਨੇ ਭਾਈ ਜੋਧਾ ਜੀ ਕੋਲੋਂ ਗੁਰੂ ਨਾਨਕ ਜੀ ਬਾਰੇ ਸੁਣਿਆ ਅਤੇ ਉਸ ਤੋਂ ਬਾਅਦ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਲਈ ਕਰਤਾਰਪੁਰ ਸਾਹਿਬ ਜਾਣ ਦਾ ਫੈਸਲਾ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਇਕ ਵਾਰ ਮਿਲਣ ਤੋਂ ਬਾਅਦ ਭਾਈ ਲਹਿਣਾ ਜੀ ਵਿਚ ਬਹੁਤ ਬਦਲਾਅ ਆਇਆ ਅਤੇ ਉਹਨਾਂ ਨੇ ਅਪਣੇ ਆਪ ਨੂੰ ਗੁਰੂ ਸਾਹਿਬ ਦਾ ਸਿੱਖ ਬਣਾ ਲਿਆ। ਗੁਰੂ ਅੰਗਦ ਦੇਵ ਜੀ ਨੇ ਲਗਭਗ 7 ਸਾਲ ਗੁਰੂ ਸਾਹਿਬ ਦੀ ਸੰਗਤ ਕੀਤੀ। ਉਸ ਤੋਂ ਬਾਅਦ 13 ਜੂਨ 1539 ਨੂੰ ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਂਅ ਬਦਲ ਕੇ ਅੰਗਦ ਦੇਵ ਰੱਖ ਦਿੱਤਾ ਅਤੇ ਗੁਰੂ ਅੰਗਦ ਦੇਵ ਜੀ ਨੂੰ ਸਿੱਖਾਂ ਦੇ ਦੂਜੇ ਗੁਰੂ ਥਾਪਿਆ। ਗੁਰਮੁਖੀ ਲਿਪੀ ਦੀ ਖੋਜ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਵਰਤਮਾਨ ਰੂਪ ਦੀ ਖੋਜ ਕੀਤੀ। ਉਸ ਤੋਂ ਬਾਅਦ ਗੁਰਮੁਖੀ ਪੰਜਾਬੀ ਭਾਸ਼ਾ ਲਿਖਣ ਦਾ ਮਾਧਿਅਮ ਬਣ ਗਈ। ਬਾਅਦ ਵਿਚ ਇਸੇ ਲਿਪੀ ਵਿਚ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ ਗਈ। ਬਾਣੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਨੂੰ ਲਿਪੀਬੰਧ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੱਲ ਪਹਿਲਾ ਕਦਰ ਚੁਕਿਆ।
ਇਹ ਬਾਣੀ ਸ੍ਰੀ ਗੁਰੂ ਅਮਰਦਾਸ, ਸ੍ਰੀ ਗੁਰੂ ਰਾਮਦਾਸ ਦੇ ਹੱਥੋਂ ਲੰਘਦੀ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪਹੁੰਚੀ ਜਿਸਦੇ ਫਲਸਰੂਪ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਹੋਇਆ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾ ਕੇ ਪੰਜਾਬੀ ਵਾਰਤਕ ਅਤੇ ਇਤਿਹਾਸ ਰਚਨਾ ਦਾ ਮੁੱਢ ਬੰਨਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਦਰਜ ਹਨ ਅਤੇ ਆਸਾ ਦੀ ਵਾਰ ਦੇ ਪਾਠ ‘ਚ ਗੁਰੂ ਸਾਹਿਬ ਦੇ 33 ਸਲੋਕ ਦਰਜ ਹਨ। ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਦਿੱਤੀ ਸਾਰੀ ਬਾਣੀ ਅਤੇ ਆਪਣੀ ਰਚੀ ਹੋਈ ਬਾਣੀ ਗੁਰੂ ਅਮਰਦਾਸ ਜੀ ਨੂੰ ਸੌਪ ਦਿੱਤੀ।
