ਨਾਂਦੇੜ ਸਾਹਿਬ ‘ਚ ਰੁਕੀ ਸਿੱਖ ਸੰਗਤਾਂ ਨੂੰ ਪੰਜਾਬ ਆਉਣ ਦੀ ਮਿਲੀ ਪ੍ਰਵਾਨਗੀ ‘ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਸਿੱਖ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਪੰਜਾਬ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਸ ਸਬੰਧ ‘ਚ ਮੁੱਖ ਸਕੱਤਰ ਨੂੰ ਪ੍ਰਬੰਧ ਕਰਨ ਲਈ ਕਿਹਾ ਹੈ ਤੇ ਯਾਤਰੀਆਂ ਦੀ ਵਾਪਸੀ ਸਬੰਧੀ ਟਰਾਂਸਪੋਰਟੇਸ਼ਨ ਦਾ ਖਰਚਾ ਪੰਜਾਬ ਸਰਕਾਰ ਦੇਵੇਗੀ। ਇਸ ‘ਤੇ ਕੈਪਟਨ ਨੇ ਗ੍ਰਹਿ ਮੰਤਰੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪੋਸਟ ਲਿਖ ਕੇ ਸ਼ੇਅਰ ਕੀਤੀ ਹੈ ਹੁਣੇ ਥੋੜੀ ਦੇਰ ਪਹਿਲਾਂ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਜੀ ਦਾ ਫ਼ੋਨ ਆਇਆ ਤੇ ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਿਸ ਪੰਜਾਬ ਭੇਜੇ ਜਾਣ ਦੀ ਜੋ ਸਾਡੀ ਅਪੀਲ ਸੀ ਉਸਨੂੰ ਮੰਨ ਲਿਆ ਗਿਆ ਹੈ। ਮੈਂ ਆਪਣੇ ਚੀਫ਼ ਸਕੱਤਰ ਨੂੰ ਇਸ ਸਭ ਲਈ ਟਰਾਂਸਪੋਰਟੇਸ਼ਨ ਦਾ ਇੰਤਜ਼ਾਮ ਕਰਨ ਲਈ ਕਿਹਾ ਹੈ ਤੇ ਸੂਬਾ ਸਰਕਾਰ ਇਸ ਸਭ ਦਾ ਖਰਚਾ ਖੁਦ ਚੁੱਕੇਗੀ। ਮੈਂ ਸਾਰਿਆਂ ਦਾ ਮਦਦ ਲਈ ਧੰਨਵਾਦ ਕਰਦਾ ਹਾਂ।ਦੱਸ ਦਈਏ ਕਿ ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ 25 ਮਾਰਚ ਦੇ ਪੱਤਰ ਦੀ ਪਾਲਣਾ ਵਿੱਚ ਮਹਾਰਾਸ਼ਟਰ ਦੇ ਆਪਣੇ ਹਮਰੁਤਬਾ ਨਾਲ ਵੀ ਟੈਲੀਫੋਨ ‘ਤੇ ਇਸ ਬਾਰੇ ਗੱਲਬਾਤ ਕਰ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨੂੰ ਜਾਣੂੰ ਕਰਵਾਇਆ ਕਿ ਉਥੇ ਫਸੇ ਸ਼ਰਧਾਲੂ ਜਿਨ੍ਹਾਂ ਵਿੱਚੋਂ ਬਹੁਤੇ ਕਿਸਾਨ ਪਰਿਵਾਰਾਂ ਵਿੱਚੋਂ ਹਨ, ਹਾੜ੍ਹੀ ਦਾ ਮੰਡੀਕਰਨ ਸੀਜ਼ਨ 15 ਅਪਰੈਲ ਤੋਂ ਸ਼ੁਰੂ ਹੋਣ ਕਰਕੇ ਵਾਪਸ ਪੰਜਾਬ ਆਉਣ ਲਈ ਬੇ-ਚੈਨ ਹਨ।
