ਸੇਵਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਹ ਗੁਰੂ ਅਰਜਨ ਸਾਹਿਬ ਦੇ ਜੀਵਨ ਤੋਂ ਸਿੱਖੋ

ਸੇਵਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਹ ਗੁਰੂ ਅਰਜਨ ਸਾਹਿਬ ਦੇ ਜੀਵਨ ਤੋਂ ਸਿੱਖੋ ‘ ਗੁਰੂ ਅਰਜਨ ਸਾਹਿਬ ਦਾ ਬਚਪਨ, ਗੁਰੂ ਅਤੇ ਸੰਗਤਾਂ ਵਿਚ ਵਿਚਰਿਆ। ਜਿਸ ਸਦਕਾ ਸੇਵਾ, ਸਿਮਰਨ, ਸਿਆਣਪ, ਸਤਿਕਾਰ, ਨੇਮ ਅਤੇ ਪ੍ਰੇਮ, ਉਪਕਾਰਤਾ, ਨਿਮਰਤਾ, ਸ਼ਾਤ ਸੁਭਾਉ ਵਰਗੇ ਸ਼ੁਭ ਗੁਣ ਵਿਰਸੇ ਵਿਚ ਹੀ ਪ੍ਰਾਪਤ ਹੋਏ। ਗੁਰਬਾਣੀ ਦੀ ਡੂੰਘਾਈ ਨੂੰ ਅਤੇ ਕਾਵਿ ਸੈਲੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗੁਰੂ ਅਮਰਦਾਸ ਪਾਤਿਸ਼ਾਹ ਨੇ ਕਿਹਾ
ਦੋਹਿਤਾ ਬਾਣੀ ਕਾ ਬੋਹਿਥਾ ” ਉਥੇ ਭੱਟਾਂ ਨੇ ਬਾਣੀ ਵਿਚ ਉਪਮਾਂ ਲਿਖਦੇ ਕਿਹਾ “ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ” ਭਾਵ ਕਿ ਹੇ ਗੁਰੂ ਅਰਜਨ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾਂ ਦੀ ਪਛਾਣ ਕਰ ਲਈ ਹੈ। ਪੰਜਵੇਂ ਪਾਤਸ਼ਾਹ ਜੀ ਨੇ ਜਿੱਥੇ ਲਾਹੌਰ ਦੇ ਵਿਚ ਪਏ ਕਾਲ ਸਮੇਂ ਲੋੜਵੰਦਾਂ ਦੀ ਬਿਨਾਂ ਵਿਤਕਰੇ ਸੇਵਾ ਕਰਕੇ ਆਪਾ ਪਰਕਾ ਦੀ ਭਾਵਨਾਂ ਨੂੰ ਦੂਰ ਕੀਤਾ, ਉਥੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਕਰਕੇ ਊਚ ਨੀਚ ਦੀ ਭਾਵਨਾਂ ਅਤੇ ਧਰਮ ਨਿਰਪੱਖ ਦੇ ਦ੍ਰਿਸ਼ਟਾਂਤ ਨੂੰ ਸਾਕਾਰ ਕੀਤਾ, ਕਈ ਖੂਹਾਂ ਬਾਉਲੀਂਆਂ ਦਾ ਵੀ ਨਿਰਮਾਣ ਕਰਵਾਇਆ। ਸਿੱਖ ਧਰਮ-ਸਾਧਨਾ ਵਿਚ ਸੇਵਾ ਦਾ ਬਹੁਤ ਮਹੱਤਵ ਹੈ । ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644 ਸੇਵਾ ਦੀਆਂ ਕਈ ਕਿਸਮਾ ਹਨ। ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ। ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345 ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ। ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ ਗੁਰੂ ਗਰੰਥ ਸਾਹਿਬ ਅੰਗ 918ਸੇਵਾ ਦੇ ਫਲ ਉਤੇ ਪ੍ਰਕਾਸ਼ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੇਵਾ ਸ੍ਰੇਸ਼ਠ ਕਰਨੀ ਹੈ , ਇਸ ਤੋਂ ਬਿਨਾ ਮਨੁੱਖ ਮੋਖ-ਪਦ ਪ੍ਰਾਪਤ ਨਹੀਂ ਕਰ ਸਕਦਾ— ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ । ( ਗੁ.ਗ੍ਰੰ.992 ) । ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾ ਤੋਂ ਹੀ ਪਰਮ-ਸੁਖ ਦੀ ਪ੍ਰਾਪਤੀ ਸੰਭਵ ਹੈ— ਸੁਖੁ ਹੋਵੈ ਸੇਵ ਕਮਾਣੀਆ । ਇਸ ਲਈ ਗੁਰਬਾਣੀ ਨੇ ਸੇਵਾ ਕਰਨ ਉਤੇ ਬਹੁਤ ਬਲ ਦਿੱਤਾ , ਕਿਉਂਕਿ ਸੇਵਾ ਰਾਹੀਂ ਹੀ ਜਿਗਿਆਸੂ ਸਹਿਜ ਢੰਗ ਨਾਲ ਪਰਮਾਤਮਾ ਦੀ ਦਰਗਾਹ ਵਿਚ ਪਹੁੰਚ ਸਕਦਾ ਹੈ— ਵਿਚਿ ਦੁਨੀਆ ਸੇਵ ਕਮਾਈਐ । ਤਾ ਦਰਗਹ ਬੈਸਣੁ ਪਾਈਐ । ਕਹੁ ਨਾਨਕ ਬਾਹੁ ਲੁਡਾਈਐ । ( ਗੁ.ਗ੍ਰੰ.26 ) ।ਗੁਰਬਾਣੀ ਵਿਚ ਗੁਰੂ ਦੀ ਸੇਵਾ ਉਤੇ ਵੀ ਬਹੁਤ ਬਲ ਦਿੱਤਾ ਗਿਆ ਹੈ । ਜਦ ਆਪਣੇ ਗੁਰੂ ਪ੍ਰਤਿ ਸੇਵਕ ਦੇ ਮਨ ਵਿਚ ਭਗਤੀ-ਭਾਵਨਾ ਦਾ ਵਿਕਾਸ ਹੋ ਜਾਂਦਾ ਹੈ ਤਾਂ ਮਨ ਆਪਣੇ ਆਪ ਸੇਵਾ ਲਈ ਪ੍ਰੇਰਿਤ ਹੋ ਜਾਂਦਾ ਹੈ । ਗੁਰੂ ਦੀ ਸੇਵਾ ਦੋ ਪ੍ਰਕਾਰ ਦੀ ਹੁੰਦੀ ਹੈ— ਬਾਹਰਲੀ ਅਤੇ ਅੰਦਰਲੀ । ਬਾਹਰਲੀ ਸੇਵਾ ਉਹ ਹੈ ਜਿਸ ਨੂੰ ਕਰਨ ਨਾਲ ਗੁਰੂ ਨੂੰ ਸ਼ਰੀਰਿਕ ਸੁਖ ਦੀ ਪ੍ਰਾਪਤੀ ਹੋਵੇ , ਜਿਵੇਂ ਪੈਰ ਦਬਾਣਾ , ਪੱਖਾ ਝਲਣਾ , ਪਾਣੀ ਭਰਨਾ , ਆਟਾ ਪੀਹਣਾ ਆਦਿ । ਅੰਦਰਲੀ ਸੇਵਾ ਰਾਹੀਂ ਗੁਰੂ ਦੀ ਪੂਰਣ ਸ਼ਰਧਾ ਸਹਿਤ ਆਰਾਧਨਾ ਕੀਤੀ ਜਾਂਦੀ ਹੈ । ਗੁਰੂ ਦਾ ਦਰਸ਼ਨ ਕਰਨਾ , ਉਸ ਦੇ ਬਚਨ ਜਾਂ ਬਾਣੀ ਸੁਣਨਾ , ਉਨ੍ਹਾਂ ਬਚਨਾਂ ਅਨੁਸਾਰ ਅਮਲ ( ਕਰਮ ) ਕਰਨੇ ਇਹ ਇਕ ਪ੍ਰਕਾਰ ਦੀ ਮਾਨਸਿਕ ਸੇਵਾ ਹੈ । ਬਾਹਰਲੀ ਸੇਵਾ ਅੰਦਰਲੀ ਸੇਵਾ ਦਾ ਮੂਲ ਆਧਾਰ ਹੈ ।

Leave a Reply

Your email address will not be published. Required fields are marked *