ਦਰਸ਼ਨ ਕਰੋ ਜੀ ”ਭਗਤ ਕਬੀਰ ਜੀ” ਦਾ ਅਸਲੀ ਘਰ

ਭਗਤ ਕਬੀਰ ਜੀ ਦਾ ਅਸਲੀ ਘਰ ਦਰਸ਼ਨ ਕਰੋ ਮਾਣ ਨਾਲ ਸ਼ੇਅਰ ਕਰੋ ਜੀ ਕਬੀਰ ਚੌਰਾ, ਬਨਾਰਸ, ਉੱਤਰ ਪ੍ਰਦੇਸ਼ ”ਭਾਰਤ ਦੀ ਧਰਤੀ ਉੱਪਰ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁਝ ਮਹਾਨ ਕਾਰਨਾਮਿਆਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ।
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸਬੰਧੀ ਵੱਖ ਵੱਖ ਸਾਖੀਆਂ ਪ੍ਰਚੱਲਤ ਹਨ। ਇੱਕ ਮਨੌਤ ਅਨੁਸਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ; ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਕ੍ਰਿਤ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਨੇ ਆਪਣੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁੱਤ੍ਰ ਮੰਨ ਕੇ ਪਾਲ਼ਿਆ। ਯੋਗ ਸਮੇਂ ਮੁਸਲਮਾਨੀ ਮਤ ਅਨੁਸਾਰ ਬੱਚੇ ਦਾ ਨਾਉਂ ਕਬੀਰ ਰੱਖਿਆ ਗਿਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ, ਜਿਸ ਦਾ ਅਰਥ ਹੈ ‘ਮਹਾਨ’। ਪੁੱਤਰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨ ਵਾਲੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਿਕ ਝੁਕਾਉ ਹਿੰਦੂ ਮਤ ਵੱਲ ਸੀ। ਜੁਆਨ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ, ਜਿਸ ਤੋਂ ਕਮਾਲ ਪੁੱਤਰ ਪੈਦਾ ਹੋਇਆ। ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤਤ੍ਵ ਗਿਆਨੀ ਹੋਏ ਅਤੇ ਆਪਣੀ ਸੰਗਤ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ’ਤੇ ਭੀ ਆਪ ਜੀ ਦਾ ਮੰਦਿਰ ਹੈ। ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ, ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ ‘ਕਬੀਰ ਬੀਜਕ’ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਉਪਲਬਧ ਹੈ ਜਿਸ ਵਿੱਚ ਕੁੱਲ 225 ਸ਼ਬਦ, 3 ਅਸ਼ਟਪਦੀਆ, 1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ।ਇਤਿਹਾਸ ‘ਰਾਮਾਨੰਦ ਸਾਗਰ’ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ। ਆਪ ਜੀ ਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ‘ਕਬੀਰ ਪੰਥ’ ਅੱਗੇ ਲਿਜਾ ਰਿਹਾ ਹੈ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ।

Leave a Reply

Your email address will not be published. Required fields are marked *