ਸੰਸਾਰ ਦੇ ਤਨਾਓ ਭਰੇ ਵਾਤਾਵਰਣ ਵਿਚ ਹਰ ਇਕ ਮਨੁੱਖ ਕਿਸੇ ਨ ਕਿਸੇ ਚਿੰਤਾ ਵਿਚ ਗ੍ਰਸਤ ਹੈ , ਡੁਬਿਆ ਹੋਇਆ ਹੈ । ਇਹ ਇਕ ਪ੍ਰਕਾਰ ਦਾ ਮਾਨਸਿਕ ਵਿਕਾਰ ਜਾਂ ਰੋਗ ਹੈ ਜਿਸ ਨਾਲ ਸਹਿਜ-ਸੰਤੋਖ ਖ਼ਤਮ ਹੋ ਜਾਂਦਾ ਹੈ ਅਤੇ ਮਨੁੱਖ ਆਪਣਾ ਮਾਨਸਿਕ ਸੰਤੁਲਨ ਗੰਵਾ ਬੈਠਦਾ ਹੈ । ਚਿੰਤਾ ਦੇ ਕਾਰਣ ਕਈ ਹੋ ਸਕਦੇ ਹਨ ।
ਕੋਈ ਕਰਜ਼ੇ ਕਰਕੇ ਚਿੰਤਤ ਹੈ , ਕੋਈ ਬੱਚਿਆਂ ਦੇ ਵਿਆਹ-ਸ਼ਾਦੀ ਲਈ ਚਿੰਤਤ ਹੈ , ਕੋਈ ਵੈਰੀ ਦੇ ਡਰ ਤੋਂ ਫ਼ਿਕਰਮੰਦ ਹੈ । ਇਸੇ ਤਰ੍ਹਾਂ ਕਿਸੇ ਨੂੰ ਆਪਣੀ ਗ਼ਰੀਬੀ ਤੋਂ ਉਬਰਨ ਦੀ ਚਿੰਤਾ ਹੈ , ਕਿਸੇ ਨੂੰ ਬਹੁਤੀ ਸੰਪੱਤੀ ਬਚਾਏ ਜਾਂ ਬਣਾਏ ਰਖਣ ਦੀ ਚਿੰਤਾ ਹੈ , ਕਿਸੇ ਨੂੰ ਪਰਿਵਾਰ ਦੀ ਚਿੰਤਾ ਹੈ , ਆਦਿ । ਇਸ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ , ਚਿੰਤਾਵਾਂ ਨੂੰ ਸੀਮਿਤ ਕਰ ਸਕਣਾ ਸਰਲ ਨਹੀਂ ਹੈ । ਇਨ੍ਹਾਂ ਤੋਂ ਮੁਕਤ ਹੋਣ ’ ਤੇ ਹੀ ਵਾਸਤਵਿਕ ਸੁਖ ਮਾਣਿਆ ਜਾ ਸਕਦਾ ਹੈ । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ । ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ । ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ । ( ਗੁ.ਗ੍ਰੰ.1019 ) । ਚਿੰਤਾ ਘੁਣ ਦੇ ਸਮਾਨ ਹੈ ਜੋ ਮਨੁੱਖ ਨੂੰ ਅੰਦਰੋਂ ਅੰਦਰ ਖਾਈ ਜਾਂਦੀ ਹੈ । ਕਈ ਵਾਰ ਵਿਅਕਤੀ ਨੂੰ ਨੀਂਦਰ ਨਹੀਂ ਆਉਂਦੀ , ਕੰਮ-ਕਾਰ ਵਿਚ ਰੁਚੀ ਘਟ ਜਾਂਦੀ ਹੈ , ਮਨ ਉਤੇ ਉਦਾਸੀ ਸਦਾ ਛਾਈ ਰਹਿੰਦੀ ਹੈ , ਮਾਤਾ , ਪਿਤਾ ਅਤੇ ਕੁਟੰਬ ਦੀਆਂ ਸਮਸਿਆਵਾਂ ਨੂੰ ਹਲ ਕਰਨ ਲਈ ਬੰਦਾ ਉਲਝਿਆ ਰਹਿੰਦਾ ਹੈ । ਲੋਕ-ਜੀਵਨ ਵਿਚ ਚਿੰਤਾ ਨੂੰ ਚਿਖਾ ਦੇ ਬਰਾਬਰ ਸਮਝਿਆ ਗਿਆ ਹੈ । ਗੁਰੂ ਅਰਜਨ ਦੇਵ ਜੀ ਨੇ ਮਨੁੱਖਾਂ ਨੂੰ ਇਸ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਮੁਕਤ ਹੋਣ ਦੀ ਤਾਕੀਦ ਕੀਤੀ ਹੈ ਕਿਉਂਕਿ ਸਾਰਿਆਂ ਦੀ ਚਿੰਤਾ ਕਰਨ ਵਾਲਾ ਤਾਂ ਪਰਮਾਤਮਾ ਆਪ ਹੈ , ਫਿਰ ਬੇਫ਼ਿਕਰ ਕਿਉਂ ਨ ਰਿਹਾ ਜਾਏ— ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ । ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ । ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ । ( ਗੁ.ਗ੍ਰੰ.1355 ) । ਗੁਰੂ ਤੇਗ ਬਹਾਦਰ ਜੀ ਨੇ ਵੀ ਚਿੰਤਾ-ਮੁਕਤ ਹੋਣ ਲਈ ਤਾਕੀਦ ਕੀਤੀ ਹੈ ਕਿਉਂਕਿ ਚਿੰਤਾ ਕਰਨਾ ਇਕ ਵਿਅਰਥ ਚੇਸ਼ਟਾ ਹੈ— ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ । ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ । ( ਗੁ.ਗ੍ਰੰ.1428 ) । ਗੁਰੂ ਅੰਗਦ ਦੇਵ ਜੀ ਨੇ ਜਿਗਿਆਸੂ ਨੂੰ ਚਿੰਤਾ ਨ ਕਰਨ ਲਈ ਪ੍ਰੇਰਦਿਆਂ ਹੋਇਆਂ ਕਿਹਾ ਹੈ ਕਿ ਪਰਮਾਤਮਾ ਜਦ ਸਭ ਦੀ ਚਿੰਤਾ ਕਰ ਰਿਹਾ ਹੈ , ਤਾਂ ਫਿਰ ਹਰ ਇਕ ਪ੍ਰਾਣੀ ਨੂੰ ਆਪਣੇ ਬਾਰੇ ਖ਼ੁਦ ਚਿੰਤਾ ਕਰਨ ਦੀ ਭਲਾ ਕੀ ਲੋੜ ਹੈ ? — ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ । ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ । ( ਗੁ.ਗ੍ਰੰ. 955 ) । ਤਿਲੰਗ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਪ੍ਰਾਣੀ ਨੂੰ ਨਿਸਚਿੰਤ ਹੋ ਕੇ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦਿਆਂ ਕਿਹਾ ਹੈ— ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ । ਜਿਨਿ ਪੈਦਾਇਸਿ ਤੂ ਕੀਆ ਸੇਈ ਦੇਇ ਆਧਾਰੁ । ( ਗੁ.ਗ੍ਰੰ.724 ) । ਮੁਕਦੀ ਗੱਲ ਇਹ ਹੈ ਕਿ ਸਤਿਗੁਰੂ ਦੀ ਸੇਵਾ ਕਰਨ ਨਾਲ ਅਤੇ ਅਚਿੰਤ ਪਰਮਾਤਮਾ ਨੂੰ ਮਨ ਵਿਚ ਵਸਾਉਣ ਨਾਲ ਮਨੁੱਖ ਦੇ ਜਨਮ-ਮਰਨ ਆਦਿ ਦੇ ਸਾਰੇ dukh ਨਸ਼ ਟ ਹੋ ਜਾਂਦੇ ਹਨ ਅਤੇ ਉਹ ਨਿਸਚਿੰਤ ਅਵਸਥਾ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਹੋ ਜਾਂਦਾ ਹੈ— ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ । ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ । ( ਗੁ.ਗ੍ਰੰ.587 ) । ਇਸ ਤਰ੍ਹਾਂ ਸਿੱਖ ਧਰਮ- ਸਾਧਨਾ ਵਿਚ ਚਿੰਤਾ ਵਿਚ ਗ੍ਰਸਿਤ ਹੋਣਾ ਵਰਜਿਤ ਹੈ ।
