ਸੁਖੀ ਰਹਿਣ ਦਾ ਤਰੀਕਾ – ਭਾਈ ਗੁਰਸ਼ਰਨ ਸਿੰਘ ਜੀ ‘ਸੁੱਖ ਅਤੇ ਦੁੱ ਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ।
ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱ ਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ, ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ। ਅਗਿਆਨਤਾ ਕਾਰਨ, ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵਸ ਹੋ ਕੇ ਦੁੱਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ, ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (1427)। ਭਾਵ: ਹੇ ਨਾਨਕ, ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ। ਪਰ ਮਨੁੱਖ ਸਦਾ ਵਿਕਾਰਾਂ ਦੀ ਲਪੇਟ ਵਿੱਚ ਆਇਆ ਸਰੀਰਕ ਤੇ ਮਾਇਕੀ ਦੁੱਖਾਂ ਸੁੱਖਾਂ ਵਿੱਚ ਹੀ ਉਲਝਿਆ ਰਹਿੰਦਾ ਹੈ।
