Home / ਸਿੱਖੀ ਖਬਰਾਂ / ਪੰਜਾਬ ਦਾ ਇਤਿਹਾਸਕ ਪਿੰਡ ਜਿਸ ਨੂੰ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ

ਪੰਜਾਬ ਦਾ ਇਤਿਹਾਸਕ ਪਿੰਡ ਜਿਸ ਨੂੰ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ

ਪੰਜਾਬ ਦਾ ਇਤਿਹਾਸਕ ਪਿੰਡ ਜਿਸ ਨੂੰ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ‘ਪੰਜਾਬ ਦਾ ਇਤਿਹਾਸਕ ਪਿੰਡ ਜਿੱਥੇ ਚਾਰ ਗੁਰੂ ਸਾਹਿਬ ਆਏ ਸਨ ਇਹ ਪਿੰਡ ਹੈ ਅਕੋਈ ਸਾਹਿਬ ਇਸ ਪਵਿੱਤਰ ਅਸਥਾਨ ਤੇ 4 ਗੁਰੂ ਸਾਹਿਬਾਨ ਆਏ ਸਨ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ‘ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ਼੍ਰੀ ਗੋਬਿੰਦ ਸਿੰਘ ਜੀ’ਤੁਹਾਨੂੰ ਦੱਸ ਦੇਈਏ ਕਿ ਅਕੋਈ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ। ਸੰਗਰੂਰ (ਪੰਜਾਬ) ਦੇ ਉੱਤਰ ਵਲ 4 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਹੈ ਜਿਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ। ਰਵਾਇਤ ਹੈ ਕਿ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ 1616 ਈ. ਵਿੱਚ ਆਪਣੀਆਂ ਮਾਲਵੇ ਦੀਆਂ ਯਾਤਰਾਵਾਂ ਸਮੇਂ ਇਸ ਪਿੰਡ ਆਏ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇੱਥੇ ਆਏ ਸਨ।ਗੁਰਦੁਆਰਾ ਅਕੋਈ ਸਾਹਿਬ ਸਿੱਖ ਜਗਤ ਲਈ ਉਹ ਪਵਿੱਤਰ ਸਥਾਨ ਹੈ। ਜਿੱਥੇ 4 ਗੁਰੂ ਸਾਹਿਬਾਨਾਂ ਦੇ ਚਰਨ ਪਏ ਹਨ ਅਤੇ ਵੀਹਵੀਂ ਸਦੀ ਦੇ ਮਹਾਨ ਸੰਤ, ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ , ਸੰਤ ਬਾਬਾ ਗੁਰਦਿੱਤ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਨੰਦ ਸਿੰਘ ਦੁਸਹਿਰੇ ਬਾਗ ਵਾਲੇ ਕਥਾ ਕੀਰਤਨ ਕਰਦੇ ਰਹੇ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਆਪਣੇ ਸਾਥੀ ਭਾਈ ਮਰਦਾਨਾ ਨਾਲ ਪਹਿਲੀ ਉਦਾਸੀ ਦੀ ਸਮਾਪਤੀ ਸਮੇਂ ਦਿੱਲੀ ਤੋਂ ਜੀਂਦ, ਪਿਹੋਵਾ, ਅਣਦਾਨਾ, ਸੁਨਾਮ, ਨਾਨਕਿਆਣਾ ਸਾਹਿਬ ਮੰਗਵਾਲ ਤੋਂ ਹੁੰਦੇ ਹੋਏ ਇਸ ਧਰਤੀ ਨੂੰ ਭਾਗ ਲਾ ਕੇ ਗਏ। ਇਸ ਦਾ ਹਵਾਲਾ ਮਾਲਵਾ ਇਤਿਹਾਸ ਵਿੱਚ ਪੰਨਾ ਨੰਬਰ 21 ਤੋਂ ਲਿਖਿਆ ਮਿਲਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਇਸ ਜਗ੍ਹਾ ‘ਤੇ ਆਏ ਤਾਂ ਇੱਥੇ ਕੋਈ ਨਗਰ ਨਹੀਂ ਸੀ। ਇਹ ਉਜਾੜ ਜਗ੍ਹਾ ਸੀ। ਗੁਰੂ ਜੀ ਨੇ ਇੱਥੇ ਹੀ ਆਸਣ ਲਾਇਆ ਅਤੇ ਹਰ ਰੋਜ਼ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਬਾਣੀ ਦੇ ਕੀਰਤਨ ਦੀ ਆਵਾਜ਼ ਸੁਣ ਕੇ ਨੇੜੇ ਦੀਆਂ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆਈਆਂ। ਸਤਿਗੁਰਾਂ ਦੀ ਜਲ ਪਾਣੀ ਦੇ ਨਾਲ ਸੇਵਾ ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਪੁੱਛਿਆ ਕਿ ਇਹ ਕਿਹੜਾ ਨਗਰ ਹੈ। ਇੱਕ ਮਾਈ ਨੇ ਕਿਹਾ ਕਿ ਇਹ ਕੋਈ ਨਗਰ ਨਹੀਂ ਹੈ। ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਇੱਥੇ ਅਕੋਈ ਨਗਰ ਹੋਵੇਗਾ। ਗੁਰੂ ਜੀ ਨੇ ਸੰਗਤ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਸਮਾਂ ਆਉਣ ‘ਤੇ ਇੱਥੇ ਧਰਮਸ਼ਾਲਾ ਬਣੇਗੀ ਅਤੇ ਸੰਗਤ ਪੰਗਤ ਜੁੜਿਆ ਕਰੇਗੀ। ਹੁਣ ਇਸ ਨਗਰ ਦਾ ਨਾਮ ਅਕੋਈ ਸਾਹਿਬ ਪੈ ਗਿਆ। ਗੁਰੂ ਜੀ ਦੇ ਚਲੇ ਜਾਣ ਤੋਂ ਬਾਅਦ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਦੇ ਮੁਬਾਰਕ ਚਰਨਾਂ ਵਾਲੀ ਜਗ੍ਹਾ ‘ਤੇ ਉਚਾ ਮਿੱਟੀ ਦਾ ਥੜ੍ਹਾ ਬਣਾ ਕੇ ਉਸ ਸਥਾਨ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਥੜ੍ਹਾ ਸਥਾਨ ਦੀ ਸੇਵਾ ਭਾਈ ਮਾਣਕ ਚੰਦ, ਜੋ ਇਸੇ ਨਗਰ ਦਾ ਵਸਨੀਕ ਸੀ, ਕਰਨ ਲੱਗ ਪਿਆ। ਇਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਤਾਂ ਇਹ ਗੁਰੂ ਜੀ ਦੇ ਦਰਸ਼ਨਾਂ ਲਈ ਅਰਦਾਸ ਕਰਨ ਲੱਗ ਪਿਆ। ਉਸ ਸਮੇਂ ਗੁਰ ਗੱਦੀ ‘ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ ਸਨ। ਭਾਈ ਮਾਣਕ ਚੰਦ ਦੀ ਅਰਦਾਸ ਪ੍ਰਵਾਨ ਹੋਈ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਚਾਲੇ ਪਾਏ ਅਤੇ ਭਾਈ ਕੀ ਡਰੌਲੀ ਹੁੰਦੇ ਹੋਏ 1673 ਬਿਕਰਮੀ 1616 ਈਸਵੀ ਨੂੰ ਅਕੋਈ ਸਾਹਿਬ ਪਹੁੰਚੇ ਅਤੇ ਇੱਕ ਕਰੀਰ ਦੇ ਰੁੱਖ ਨਾਲ ਘੋੜਾ ਬੰਨ ਦਿੱਤਾ। ਇਹ ਕਰੀਰ ਦਾ ਰੁੱਖ ਅੱਜ ਵੀ ਮੌਜੂਦ ਹੈ। ਭਾਈ ਮਾਣਕ ਚੰਦ ਅਤੇ ਹੋਰ ਲੋਕਾਂ ਨੇ ਗੁਰੂ ਜੀ ਦੀ ਲੰਗਰ ਪਾਣੀ ਛਕਾ ਕੇ ਸੇਵਾ ਕੀਤੀ। ਗੁਰੂ ਜੀ ਨੇ ਵਰਦਾਨ ਦਿੱਤਾ ਕਿ ਇਸ ਨਗਰ ਵਿੱਚ ਦੁੱਧ ਦੀਆਂ ਨਦੀਆਂ ਚੱਲਣਗੀਆਂ ਅਤੇ ਇਹ ਨਗਰ ਦੁੱਧ ਪੁੱਤ ਦੀਆਂ ਬਰਕਤਾਂ ਨਾਲ ਭਰਪੂਰ ਰਹੇਗਾ। ਇੱਥੇ ਕੁਝ ਸਮਾਂ ਠਹਿਰ ਕੇ ਗੁਰੂ ਜੀ ਨੇ ਨਾਨਕਿਆਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਇਸ ਦਾ ਜ਼ਿਕਰ ਮਾਲਵਾ ਇਤਿਹਾਸ ਦੇ ਪੰਨਾ ਨੰਬਰ 60 ਅਤੇ ਮਹਾਨ ਕੋਸ਼ ਤੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਅੰਕਿਤ ਹੈ। ਛੇਵੇਂ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਨੁੱਖਤਾ ਨੂੰ ਤਾਰਦੇ ਹੋਏ ਕੀਰਤਪੁਰ ਸਾਹਿਬ ਤੋਂ ਚੱਲ ਕੇ ਪਟਿਆਲਾ, ਸਮਾਣਾ, ਭਵਾਨੀਗੜ੍ਹ, ਫੱਗੂਵਾਲਾ, ਘਰਾਚੋ ਤੋਂ ਹੁੰਦੇ ਹੋਏ ਨਾਨਕਿਆਣਾ ਸਾਹਿਬ 5 ਮੱਘਰ ਸੰਮਤ 1722 ਨੂੰ ਪਹੁੰਚੇ ਅਤੇ ਕੁਝ ਸਮਾਂ ਇਸ ਸਥਾਨ ‘ਤੇ ਠਹਿਰੇ ਅਤੇ ਗੁਰੂ ਜੀ ਦੇ ਕਾਫਲੇ ਸਮੇਤ ਕਾਝਲੇ ਮੂਲੋਵਾਲ ਚਲੇ ਗਏ। ਸਮਾਂ ਪੈਣ ‘ਤੇ ਗੁਰੂ ਜੀ ਦੇ ਚਰਨ ਛੂਹ ਪ੍ਰਾਪਤ ਵਾਲੀ ਜਗ੍ਹਾ ਅਲੋਪ ਹੋ ਗਈ ਤਾਂ ਬਾਬਾ ਸਿਆਮ ਸਿੰਘ ਜੋ ਕਿ ਬੜੇ ਭਜਨੀਕ ਸਨ ਅਤੇ ਕਈ ਵਾਰ ਹਜ਼ੂਰ ਸਾਹਿਬ ਦੀ ਪੈਦਲ ਯਾਤਰਾ ਕਰਕੇ ਆਏ ਸਨ, ਨੂੰ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਕਿ ਗੁਰਮੱਖੋ ਸਾਡੇ ਸਥਾਨ ਦੀ ਸੇਵਾ ਕਰਵਾਉ ਤਾਂ ਬਾਬਾ ਸਿਆਮ ਸਿੰਘ ਜੀ ਨੇ ਗੁਰੂ ਦੀ ਸੇਵਾ ਕਰਵਾਈ। ਲੰਗਰ ਅਤੇ ਗੁਰ ਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾਇਆ। ਉਨ੍ਹਾਂ ਤੋਂ ਬਾਅਦ ਇਸ ਦੀ ਸੇਵਾ ਮਹੰਤ ਜੰਗੀਰ ਸਿੰਘ ਨੇ ਕੀਤੀ। ਇੱਥੇ ਹਰ ਦਸਵੀਂ ਨੂੰ ਭਾਰੀ ਜੋੜ ਮੇਲਾ ਲਗਦਾ ਹੈ ਅਤੇ ਹਰ ਸਮੇਂ ਗੁਰੂ ਦਾ ਲੰਗਰ ਚਲਦਾ ਰਹਿੰਦਾ ਹੈ। ਗੁਰਦੁਆਰਾ ਅਕੋਈ ਸਾਹਿਬ ਲੁਧਿਆਣਾ-ਹਿਸਾਰ ਰੇਲਵੇ ਲਾਈਨ ‘ਤੇ ਬਹਾਦਰ ਸਿੰਘ ਵਾਲਾ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰ, ਸੰਗਰੂਰ ਤੋਂ ਤਿੰਨ ਕਿਲੋਮੀਟਰ, ਧੂਰੀ ਤੋਂ 8 ਕਿਲੋਮੀਟਰ ਦੂਰ ਹੈ। ਜਸਵਿੰਦਰ ਸਿੰਘ ਸੰਪਰਕ: 94638-16160

error: Content is protected !!