Home / ਸਿੱਖੀ ਖਬਰਾਂ / ਕੋਈ ਮੁਸ਼ਕਿਲ ਹੋਵੇ ਤਾਂ ਅੰਮ੍ਰਿਤ ਵੇਲੇ ਸਿਮਰਨ ਕਰਿਆ ਕਰੋ

ਕੋਈ ਮੁਸ਼ਕਿਲ ਹੋਵੇ ਤਾਂ ਅੰਮ੍ਰਿਤ ਵੇਲੇ ਸਿਮਰਨ ਕਰਿਆ ਕਰੋ

ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ।
ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ॥ ਦੂਜਾ ਭਾਉ ਆਪ ਵਰਤਾਇਆ॥ (1054)। ਭਾਵ: ਹੇ ਭਾਈ, ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱਖ ਸੁੱਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ। ਮਾਇਆ ਦਾ ਮੋਹ ਵੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ। ਇਸ ਲਈ ਜਦੋਂ ਉਸ ਦੇ ਨਿਯਮ ਨੂੰ ਬਦਲਿਆ ਹੀ ਨਹੀ ਜਾ ਸਕਦਾ (ਦੁੱਖ ਸੁੱਖ ਨਾਲ ਹੀ ਲਿਖੇ ਹਨ) ਤਾਂ ਸਰੀਰਕ ਸੁੱਖਾਂ ਲਈ ਅਰਦਾਸਾਂ, ਬੇਨਤੀਆਂ ਤੇ ਪ੍ਰਾਰਥਨਾਵਾਂ ਕਰਨੀਆਂ ਇੱਕ ਨਿਰਾਰਥ ਕਿਰਿਆ ਹੀ ਸਾਬਤ ਹੁੰਦੀ ਹੈ। ਇਹ ਤਾਂ ਹਰ ਮਨੁੱਖ ਨੂੰ ਵਾਪਰਦੇ ਹਨ ਭਾਵੇਂ ਕਿਸੇ ਨੂੰ ਵੀ ਪੁਛ ਵੇਖੋ: ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ (497)। ਭਾਵ: ਹੇ ਭਾਈ, ਜਿਸ ਭੀ ਮਨੁੱਖ ਕੋਲ (ਮੈ ਆਪਣੇ) ਦੁੱਖ ਦੀ ਗਲ ਕਰਦਾ ਹਾਂ, ਉਹ ਅਗੋਂ ਆਪਣੇ ਦੁੱਖ ਨਾਲ ਭਰਿਆ ਦਿਸਦਾ ਹੈ। ਉਹ ਆਪਣੇ ਹੀ ਦੁੱਖਾ ਦਾ ਚਿੱਠਾ ਖੋਲ ਬਹਿੰਦਾ ਹੈ। ਬਾਬਾ ਫਰੀਦ ਜੀ ਦੇ ਬੋਲ ਹਨ ਕਿ: ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਆ ਜਗਿ॥ ਊਚੇ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ॥ (1382)। ਭਾਵ: ਮੈ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੀ ਹੈ ਪਰ ਜਦੋਂ ਜ਼ਰਾ ਉਚੇਰਾ ਧਿਆਨ ਮਾਰਿਆ ਤਾਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁਖੀ ਹੈ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਇਹਨਾਂ ਬਾਹਰਲੇ ਮਾਇਕੀ ਸਰੀਰਕ ਦੁੱਖਾਂ ਦੀ ਘਬਰਾਹਟ ਤੋਂ ਹੀ ਮਨੁੱਖ ਨੇ ਇਕੱਲੇ ਸੁੱਖ ਲਈ ਬੜੇ ਯਤਨ ਕੀਤੇ। ਜਪ ਤਪ, ਪਾਠ, ਪੂਜਾ, ਭਜਨ, ਚਾਲੀਹੇ ਤੇ ਹੋਰ ਅਨੇਕ ਕਰਮਾਂ ਦੁਆਰਾ ਤਰਲੇ ਕੀਤੇ ਪਰ ਸਫਲਤਾ ਨਾ ਹੋ ਸਕੀ। ਸਰੀਰਕ ਤੇ ਮਾਇਕੀ ਵਕਤੀ ਸੁੱਖਾਂ ਲਈ ਇਸ ਦੀ ਦੁਨਿਆਵੀ ਪਦਾਰਥਾਂ ਦੇ ਰਸਾਂ ਨੂੰ ਭੋਗਣ ਦੀ ਦੌੜ ਵੱਧ ਗਈ ਪਰ ਜਿਤਨੀ ਦੌੜ ਤੇਜ਼ ਹੁੰਦੀ ਗਈ ਉਤਨਾ ਹੀ ਦੁੱਖ ਵਧਦਾ ਗਿਆ। ਅੱਜ ਮਨੁੱਖ ਕੋਲ ਸੁੱਖਾਂ ਦੀਆਂ ਸਹੂਲਤਾਂ ਦਾ ਕੋਈ ਅੰਤ ਨਹੀ ਪਰ ਆਤਮਕ ਸੁੱਖ ਅੱਜ ਵੀ ਉਤਨਾ ਹੀ ਦੂਰ ਹੈ ਜਿਤਨਾ ਪਹਿਲਾਂ ਸੀ। ਕਿਤੇ ਅਜੇਹਾ ਤਾਂ ਨਹੀ ਕਿ ਸਰੀਰਕ ਤੇ ਮਾਇਕੀ ਸੁੱਖਾਂ ਦੀ ਬਾਹਰਲੀ ਦੌੜ ਹੀ ਦੁੱਖਾਂ ਦਾ ਕਾਰਨ ਹੈ? ਗੁਰਬਾਣੀ ਫੁਰਮਾਨ ਹੈ: ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥ (46)। ਫਿਟਕਾਰ ਯੋਗ ਮੋਹ ਮਾਇਆ ਵਿੱਚ ਫਸਿਆ ਬੰਦਾ ਕਦੇ ਸਦੀਵੀ ਸੁਖੀ ਨਹੀ ਹੋ ਸਕਦਾ। ਇਹ ਤਾਂ ਰੇਤ ਦੀ ਬਣੀ ਕੰਧ ਵਾਂਗ ਹੀ ਹੈ ਜਿਸਦਾ ਪਤਾ ਨਹੀ ਕਦੋਂ ਢਹਿ ਜਾਣਾ ਹੈ: ਬਾਰੂ ਭਤਿ ਬਨਾਈ ਰਚਿ ਪਚਿ ਰਹਤ ਨਹੀ ਦਿਨਚਾਰਿ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਉ ਕਹਾ ਗਵਾਰਿ॥ (633)। ਇਸੇ ਤਰਾਂ ਹੀ ਇਹ ਮਾਇਕੀ ਸੁੱਖ ਹਨ ਜਿਨ੍ਹਾ ਵਿੱਚ ਇਹ ਮੂਰਖ ਮਨੁੱਖ ਉਲਝਿਆ ਫਿਰਦਾ ਹੈ। ਗੁਰਬਾਣੀ, ਜਿਸਨੂੰ ਇਹ ਸਮਝੇ ਬਿਨਾ ਮੰਤ੍ਰਾਂ ਵਾਂਗ ਹੀ ਦਿਨ ਰਾਤ ਪੜ੍ਹੀ ਜਾ ਰਿਹਾ ਹੈ,ਜੀਵਨ ਵਿੱਚ ਸਦੀਵੀ ਸੁੱਖ (ਅਨੰਦ) ਨੂੰ ਮਾਨਣ ਦਾ ਰਾਹ ਦਸਦੀ ਹੈ। ਪਿਛੇ ਵੇਖ ਆਏ ਹਾਂ ਕਿ ਮਨੁੱਖ ਅਗਿਆਨਤਾ ਕਾਰਨ ਵਿਕਾਰਾਂ ਵਸ ਹੋ ਕੇ ਸਰੀਰਕ ਤੇ ਮਾਇਕੀ ਦੁੱਖ ਸੁੱਖ ਭੋਗ ਰਿਹਾ ਹੈ ਇਸ ਲਈ ਸਦੀਵੀ ਸੁੱਖ ਦਾ ਰਾਹ ਦਸਦੇ ਗੁਰੂ ਦਾ ਫੁਰਮਾਨ ਹੈ: ਸਰਬ ਸੁਖਾ ਸੁਖੁ ਸਾਚਾ ਏਹੁ॥ ਗੁਰ ਉਪਦੇਸੁ ਮਨੈ ਮਹਿ ਲੇਹੁ॥ (177)। ਭਾਵ: ਹੇ ਭਾਈ, ਗੁਰੂ ਦਾ ਉਪਦੇਸ਼ (ਗੁਰਬਾਣੀ) ਆਪਣੇ ਮਨ ਵਿੱਚ ਟਿਕਾ ਕੇ ਰੱਖ। ਇਹੀ ਹੈ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਤੇ ਸਦੀਵੀ (ਸਦਾ ਕਾਇਮ ਰਹਿਣ ਵਾਲਾ) ਸੁੱਖ। ਭਾਵ ਇਹੀ ਕਿ ਗੁਰਬਾਣੀ ਤੇ ਚਲ ਕੇ ਹੀ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ।

error: Content is protected !!