Home / ਸਿੱਖੀ ਖਬਰਾਂ / ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਚ 30, 31 ਜਨਵਰੀ ਅਤੇ 1ਫਰਵਰੀ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਹੋ ਰਹੇ ਅਨੋਖੇ ਕਾਰਜ

ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਚ 30, 31 ਜਨਵਰੀ ਅਤੇ 1ਫਰਵਰੀ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਹੋ ਰਹੇ ਅਨੋਖੇ ਕਾਰਜ

ਸੰਤ ਬਾਬਾ ਅਤਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ 30, 31 ਜਨਵਰੀ ਅਤੇ 1ਫਰਵਰੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੋ ਰਹੇ ਅਨੋਖੇ ਕਾਰਜ ਸੰਤ ਅਤਰ ਸਿੰਘ ਜੀ ਦਾ ਜਨਮ ਪਿੰਡ ਚੀਮਾ, ਜਿਲ੍ਹਾ ਸੰਗਰੂਰ (ਪੰਜਾਬ) ਵਿੱਚ ਚੇਤ ਸੁਦੀ ਏਕਮ 1923 ਬਿਕ੍ਰਮੀ ( 17 ਮਾਰਚ 1866 ਇਸਵੀ) ਨੂੰ ਮਾਤਾ ਭੋਲੀ ਕੌਰ ਦੀ ਕੁੱਖੋਂ ਅਤੇ ਕਰਮ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਸੰਨ 1883 ਈਸਵੀ ਵਿੱਚ ਆਪ ਮਾਤਾ ਪਿਤਾ ਦੀ ਆਗਿਆ ਲੈਕੇ ਫੌਜ ਵਿੱਚ ਭਰਤੀ ਹੋ ਗਏ, ਉੱਥੇ ਪਲਟਨ ਵਿੱਚ ਪੰਜਾਂ ਪਿਆਰਿਆਂ ਪਾਸੋਂ ਗੁਰੂ ਘਰ ਦੀ ਮਰਿਆਦਾ ਦਾ ਅਮ੍ਰਿਤ ਛਕਿਆ ।ਸੰਨ 1888 ਈਸਵੀ ਵਿੱਚ ਆਪ ਜੀ ਨੇ ਫੌ ਜ ਦੀ ਸੇਵਾ ਛੱਡ ਦਿੱਤੀ ਅਤੇ ਡੇਰਾ ਗਾਜੀ ਖਾਂ ਤੋਂ ਪੈਦਲ ਚੱਲ ਕੇ ਹਜੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਪਹੁੰਚੇ । ਹਜੂਰ ਸਾਹਿਬ ਤਕਰੀਬਨ ਦੋ ਸਾਲ ਅਤੁੱਟ ਸਿਮਰਨ ਕਮਾਈ ਕੀਤੀ । ਆਪਣੇ ਜੀਵਨ ਕਾਲ ਵਿੱਚ ਆਪਣੇ ਜੱਥੇ ਦੇ ਪੰਜ ਪਿਆਰਿਆਂ ਤੋਂ ਲਗਭਗ 14 ਲੱਖ ਪ੍ਰਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਖਸ਼ੇ ਖੰਡੇ ਬਾਟੇ ਦਾ ਅਮ੍ਰਿਤਪਾਨ ਕਰਵਾਇਆ ਤੇ ਗੁਰੂ ਨਾਲ ਜੋੜਿਆ । ਵਿੱਦਿਆ ਦੇ ਖੇਤਰ ਵਿੱਚ ਵੀ ਮਹਾਨ ਕਾਰਜ ਕੀਤੇ ।ਮਸਤੂਆਣਾ ਸਾਹਿਬ ਵਿੱਚ ਸੰਨ 1906 ਈਸਵੀ ਵਿੱਚ ਲੜਕੀਆਂ ਦਾ ਸਕੂਲ ਖੋਲਿਆ ਅਤੇ ਫਿਰ ਲੜਕਿਆਂ ਦੇ ਸਕੂਲ ਅਤੇ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕੀਤੀ । ਮਸਤੂਆਣਾ ਸਾਹਿਬ ਨੂੰ ਇਕ ਬਹੁਤ ਵੱਡਾ ਕੇਂਦਰ ਸਥਾਪਿਤ ਕਰ ਗੁਰੂ ਨਾਨਕ ਦੇਵ ਜੀ ਦੀ ਬ੍ਰਹਮ ਵਿੱਦਿਆ ਦੀ ਪੜ੍ਹਾਈ ਸ਼ੁਰੂ ਕਰਵਾਈ । ਆਪ ਜੀ 1ਫਰਵਰੀ, 1927 ਈਸਵੀ ਨੂੰ ਜੋਤੀ ਜੋਤ ਸਮਾ ਗਏ । ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ 30,31 ਜਨਵਰੀ ਅਤੇ 1 ਫਰਵਰੀ ਨੂੰ ਸਾਲਾਨਾ ਜੌੜ ਮੇਲਾ ਕਰਵਾਇਆ ਜਾ ਰਿਹਾ ਹੈ, ਇਸ ਜੋੜ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਕੇ ਕੀਰਤਨ, ਕਥਾ ਅਤੇ ਗੁਰਬਾਣੀ ਦਾ ਆਨੰਦ ਮਾਨਣਗੀਆਂ ਅਤੇ ਬਾਬਾ ਅਤਰ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ । ਸਿੱਖ ਧਰਮ ਦੇ ਉੱਘੇ ਪ੍ਰਚਾਰਕ ਆਪਣੇ ਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਣਗੇ ।ਸੰਤ ਅਤਰ ਸਿੰਘ ਗੁਰਮਤਿ ਕਾਲਿਜ ਮਸਤੂਆਣਾ ਸਾਹਿਬ ਵਲੋਂ ਧਾਰਮਿਕ ਨਾਟਕ “ਲੇਖ ਪੰਜਾਬ ਦੇ ” ਪੇਸ਼ ਕੀਤਾ ਜਾਏਗਾ ਅਤੇ ਗੱਤਕਾ ਗਰੁੱਪ ਵਲੋਂ ਗੱਤਕਾ ਦੇ ਜੌਹਰ ਦਿਖਾਏ ਜਾਣਗੇ । ਇਸ ਸਾਲਾਨਾ ਜੋੜ ਮੇਲੇ ਤੇ ਪੰਥ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨਗੀਆਂ । ਸੰਤ ਅਤਰ ਸਿੰਘ ਜੀ ਦੀ ਦੂਰ- ਅੰਦੇਸ਼ੀ ਸੋਚ ਸਦਕਾ ਅੱਜ ਵਿੱਦਿਆ ਦਾ ਚਾਨਣ ਹਰ ਪਾਸੇ ਫੈਲ ਰਿਹਾ ਹੈ । ਅਸੀਂ ਆਸ ਕਰਦੇ ਹਾਂ ਕਿ ਇਸ ਸਾਲਾਨਾ ਜੋੜ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾਵੇਗਾ । ਗੁਰਪ੍ਰੀਤ ਸੇਖੋਂ