ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਡਿਬਰੂਗੜ ਜੇਲ੍ਹ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਫ਼ੋਨ ਕਾਲ ਲਈ ਇਜਾਜ਼ਤ ਨਹੀਂ ਦੇ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜੇਲ੍ਹ ਦਾ ਖਾਣਾ ਜਿੱਥੇ ਖਾਣ ਦੇ ਲਾਇਕ ਨਹੀਂ ਹੁੰਦਾ ਉੱਥੇ ਹੀ ਤੰਬਾਕੂ ਵਰਗੇ ਸਿੱਖਾਂ ’ਚ ਵਰਜਿਤ ਪਦਾਰਥ ਪਾਏ ਰਹੇ ਹਨ।ਬੀਬੀ ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ੍ਹ ਜਾਂਦੀ ਹੈ। ਹਰ ਹਫ਼ਤੇ ਵਾਂਗ ਅੱਜ ਦੀ ਮੁਲਾਕਾਤ ਦਾ ਸਮਾਂ ਵੀ ਬਹੁਤ ਛੇਤੀ ਲੰਘ ਗਿਆ।
ਅੱਜ ਦੀ ਮੁਲਾਕਾਤ ਤੋਂ ਮੈਨੂੰ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਭੁੱਖ ਹੜਤਾਲ ’ਤੇ ਹਨ, ਇਸ ਦੇ ਕੁਝ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਫ਼ੋਨ ਕਾਲ ਲਈ ਡਿਬਰੂਗੜ ਜੇਲ੍ਹ ਨੂੰ ਪੰਜਾਬ ਸਰਕਾਰ ਇਜਾਜ਼ਤ ਨਹੀਂ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਹੀਂ ਹੁੰਦੀ। ਇਹ ਸਹੂਲਤ ਜੋ ਕੀ ਹਰ ਜੇਲ੍ਹ ਵਿੱਚ ਲਾਜ਼ਮ ਹੁੰਦੀ ਹੈ, ਦਿੱਤੀ ਜਾਵੇ।
ਫ਼ੋਨ ਦੀ ਸਹੂਲਤ ਨਾਲ ਅੰਦਰ ਜੋ ਸਿੰਘ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਹਾਲਤ ਠੀਕ ਰਹਿ ਸਕਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕੇ ਫ਼ੋਨ ਦੀ ਸਹੂਲਤ ਨਾ ਮਿਲਣ ਕਾਰਨ ਵਕੀਲਾਂ ਨਾਲ ਗੱਲਬਾਤ ਵੀ ਨਹੀਂ ਹੁੰਦੀ, ਜਿਸ ਵਜ੍ਹਾ ਕਰ ਕੇ ਵਕੀਲਾਂ ਨੂੰ ਨਾ ਹੀ ਕੁਝ ਦੱਸਿਆ ਜਾ ਸਕਦਾ ਹੈ ਤੇ ਨਾ ਹੀ ਪੁੱਛਿਆ। ਇਸ ਕਾਰਨ ਕੇਸ ਲੜਨ ਵਿੱਚ ਬਹੁਤ ਰੁਕਾਵਟ ਆ ਰਹੀ ਹੈ ਅਤੇ ਸਹੀ ਗ਼ਲਤ ਦਾ ਪਤਾ ਨਹੀਂ ਚੱਲ ਰਿਹਾ।
ਦੂਜੀ ਗੱਲ ਇਹ ਹੈ ਕਿ ਜੇਲ੍ਹ ਵਿੱਚ ਖਾਣ ਪੀਣ ਦਾ ਪ੍ਰਬੰਧ ਠੀਕ ਨਹੀਂ ਹੈ। ਕਈ ਵਾਰ ਦਾਲ ਸਬਜ਼ੀ ਵਿੱਚ ਨਮਕ ਹੀ ਨਹੀਂ ਪਾਉਂਦੇ ਤੇ ਕਈ ਵਾਰ ਰੋਟੀਆਂ ਜੋ ਖਾਣ ਲਾਇਕ ਨਹੀਂ ਹੁੰਦੀਆਂ ਉਨ੍ਹਾਂ ਵਿੱਚ ਤੰਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉਂਦਾ ਹੈ ਉਹ ਤੰਬਾਕੂ ਦੀ ਵਰਤੋਂ ਕਰਦਾ ਹੈ, ਉਨ੍ਹਾਂ ਹੱਥਾਂ ਨਾਲ ਹੀ ਸਿੰਘਾ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕਿ ਸਾਨੂੰ ਤੁਹਾਡੀ ਸਮਝ ਨਹੀਂ ਆ ਰਹੀ, ਨ ਹੀ ਕੋਈ ਇੰਟਰਪ੍ਰੇਟਰ ਹੈ, ਜੋ ਸਮਝਾ ਸਕੇ। ਕੁਝ ਕੁ ਸਿੰਘਾਂ ਨੂੰ ਅਜਿਹੇ ਪ੍ਰੈਸ਼ਰ ਕਾਰਨ ਮਾਨਸਿਕ ਤੰਗੀਆਂ ਵੀ ਆ ਰਹੀਆਂ ਹਨ, ਜਿਸ ਕਾਰਨ ਸਿਹਤ ’ਤੇ ਬਹੁਤ ਫ਼ਰਕ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਅੱਜ ਤੋਂ ਇਸ ਭੁੱਖ ਹੜਤਾਲ ਵਿੱਚ ਆਪਣੇ ਸਰਦਾਰ (ਪਤੀ) ਜੀ ਦੇ ਨਾਲ ਸ਼ਾਮਿਲ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.