ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੀ ਜੱਫੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਇਕ ਟਵੀਟ ਕੀਤਾ ਹੈ। ਮਾਨ ਨੇ ਟਵੀਟ ਕਰਦਿਆਂ ਦੋਵਾਂ ਆਗੂਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਕਿਹਾ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ ਜਦੋਂ… ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ… ਧਾਰਮਿਕ ਅਸਥਾਨਾਂ ‘ਤੇ ਟੈਂਕ ਚੜਾਉਣ ਵਾਲੇ… ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ… ਦੇਸ਼ ਨੂੰ ਧਰਮ ਦੇ ਨਾਮ ‘ਤੇ ਲੜਾਉਣ ਵਾਲੇ… ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ… ਸਮੱਗਲਰਾਂ ਨੂੰ ਗੱਡੀਆਂ ‘ਚ ਬਿਠਾਉਣ ਵਾਲੇ… ਗੱਲ-ਗੱਲ ‘ਤੇ ਤਾਲ਼ੀ ਠੁਕਵਾਉਣ ਵਾਲੇ… ਸ਼ਹੀਦਾਂ ਦੀਆਂ ਯਾਦਗਾਰਾਂ ‘ਚੋਂ ਪੈਸੇ ਕਮਾਉਣ ਵਾਲੇ… ਹੋਵਣ ਸਾਰੇ ਕੱਠੇ… ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ…।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇਕ-ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆਏ। ਨਵਜੋਤ ਸਿੱਧੂ ਨੇ ਜੱਫੀ ਪਾਉਣ ਤੋਂ ਬਾਅਦ ਆਖਿਆ ਕਿ ‘ਜੱਫੀ ਹੀ ਪਾਈ ਹੈ, ਪੱਪੀ ਤਾਂ ਨੀ ਲਈ’। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ, ਜੋ ਅੱਗੇ ਵੀ ਰਹਿਣਗੇ। ਬੀਤੇ ਦਿਨੀਂ ਸੰਗਰੂਰ ਦੌਰੇ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੀ ਆਪਸੀ ਸਾਂਝ ਜੱਗ ਜ਼ਾਹਿਰ ਹੋ ਚੁੱਕੀ ਹੈ ਤੇ ਲੋਕ ਆਪਸ ‘ਚ ਜੱਫੀਆਂ ਪਾਉਂਦੇ ਹੋਏ ਵੀ ਇਨ੍ਹਾਂ ਨੂੰ ਦੇਖ ਚੁੱਕੇ ਹਨ ਤੇ ਹੁਣ ਲੋਕਾਂ ਨੂੰ ਵੀ ਜਾਗਰੂਕ ਹੋ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਉਨ੍ਹਾਂ ਨੇ ਕਿਹਾ ਕਿ ਹੁਣ ਪੁਰਾਣਾ ਜ਼ਮਾਨਾ ਬੀਤ ਚੁੱਕਾ ਹੈ। ਨੌਜਵਾਨ ਕਾਫੀ ਜਾਗਰੂਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਨਵਜੋਤ ਸਿੱਧੂ ਦੇ ਅਜਿਹੇ ਰਵੱਈਏ ਉਪਰ ਸਵਾਲ ਚੁੱਕਦੇ ਹੋਏ ਇਸ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਸਿੱਧੂ ਇਹੀ ਕਹਿ ਰਹੇ ਸੀ ਕਿ ਨਸ਼ੇ ਦੇ ਸੌਦਾਗਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦਿੱਤਾ ਤੇ ਹੁਣ ਉਸ ਨਾਲ ਜੱਫੀਆਂ ਪਾ ਰਹੇ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.